ਪਾਕਿਸਤਾਨ ਦੇ ਪੰਜਾਬ ਸੂਬੇ ’ਚ 21 ਚਰਚਾਂ ’ਤੇ ਭੀੜ ਵਲੋਂ ਕੀਤੇ ਗਏ ਹਮਲੇ ਦੇ ਸਬੰਧ ’ਚ 135 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ

ਪਾਕਿਸਤਾਨ ਦੇ ਪੰਜਾਬ ਸੂਬੇ ’ਚ 21 ਚਰਚਾਂ ’ਤੇ ਭੀੜ ਵਲੋਂ ਕੀਤੇ ਗਏ ਹਮਲੇ ਦੇ ਸਬੰਧ ’ਚ 135 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰਕਾਰ ਨੇ ਵੀਰਵਾਰ ਨੂੰ ਈਸ਼ਨਿੰਦਾ ਦੇ ਦੋਸ਼ਾਂ ਨੂੰ ਲੈ ਕੇ ਹਿੰਸਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਅਤੇ ਈਸਾਈ ਭਾਈਚਾਰੇ ਦੇ ਸਾਰੇ ਨੁਕਸਾਨੇ ਗਏ ਚਰਚਾਂ ਅਤੇ ਘਰਾਂ ਦੀ ਮੁਰੰਮਤ ਕਰਾਉਣ ਦਾ ਵਾਅਦਾ ਕੀਤਾ। 2 ਈਸਾਈਆਂ ਵੱਲੋਂ ਕੁਰਾਨ ਦੀ ਬੇਅਦਬੀ ਕਰਨ ਦੀਆਂ ਰਿਪੋਰਟਾਂ ਨੂੰ ਲੈ ਕੇ ਬੁੱਧਵਾਰ ਨੂੰ ਸੂਬਾਈ ਰਾਜਧਾਨੀ ਤੋਂ ਲਗਭਗ 130 ਕਿਲੋਮੀਟਰ ਦੂਰ ਫੈਸਲਾਬਾਦ ਜ਼ਿਲੇ ਦੀ ਜਰਾਂਵਾਲਾ ਤਹਿਸੀਲ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਕਈ ਚਰਚਾਂ ਅਤੇ ਘਰਾਂ ਨੂੰ ਅੱਗ ਲਾ ਦਿੱਤੀ।

ਪੰਜਾਬ ਸਰਕਾਰ ਦੇ ਅਨੁਸਾਰ, ਕਥਿਤ ਈਸ਼ਨਿੰਦਾ ਨੂੰ ਲੈ ਕੇ ਈਸਾਈਆਂ ਦੇ ਘਰਾਂ ਅਤੇ ਚਰਚਾਂ ’ਤੇ ਹਮਲਾ ਕਰਨ ਦੇ ਦੋਸ਼ ਵਿਚ ਕੱਟੜਪੰਥੀ ਸਮੂਹ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਕਾਰਕੁੰਨਾਂ ਸਮੇਤ 135 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸੂਬੇ ਦੇ ਕਾਰਜਕਾਰੀ ਸੂਚਨਾ ਮੰਤਰੀ ਆਮਿਰ ਮੀਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਪੁਲਸ ਨੇ ਜਰਾਂਵਾਲਾ ਵਿੱਚ ਚਰਚਾਂ ਅਤੇ ਘੱਟਗਿਣਤੀ ਭਾਈਚਾਰੇ ਦੇ ਘਰਾਂ ’ਤੇ ਹਮਲਿਆਂ ਵਿੱਚ ਸ਼ਾਮਲ 135 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦ ਅਤੇ ਈਸ਼ਨਿੰਦਾ ਦੇ ਦੋਸ਼ਾਂ ਤਹਿਤ 600 ਸ਼ੱਕੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।’’

ਉਨ੍ਹਾਂ ਕਿਹਾ ਕਿ ਇਲਾਕੇ ’ਚ ਸ਼ਾਂਤੀ ਬਹਾਲ ਹੋ ਗਈ ਹੈ ਅਤੇ ਘੱਟਗਿਣਤੀ ਈਸਾਈ ਭਾਈਚਾਰੇ ਦੇ ਲੋਕਾਂ ਦੇ ਚਰਚਾਂ ਅਤੇ ਘਰਾਂ ਦੇ ਬਾਹਰ ਪੁਲਸ ਅਤੇ ਰੇਂਜਰਾਂ ਦੀਆਂ ਵੱਡੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, ‘‘ਮੁੱਖ ਮੰਤਰੀ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।’’ ਇਸ ਲਈ ਧਾਰਾ 144 ਲਾਗੂ ਕੀਤੀ ਗਈ ਹੈ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਉਨ੍ਹਾਂ ਸਾਰੇ ਚਰਚਾਂ ਅਤੇ ਘੱਟ ਗਿਣਤੀ ਈਸਾਈ ਭਾਈਚਾਰੇ ਦੇ ਘਰਾਂ ਦੀ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ-ਅੰਦਰ ਮੁਰੰਮਤ ਕਰਾਉਣ ਦਾ ਵਾਅਦਾ ਕੀਤਾ, ਜਿਨ੍ਹਾਂ ‘ਤੇ ਭੀੜ ਨੇ ਹਮਲਾ ਕੀਤਾ ਸੀ ਅਤੇ ਅੱਗ ਲਗਾ ਦਿੱਤੀ ਸੀ।