ਸਰੀ (ਬਲਦੇਵ ਸਿੰਘ ਭੰਮ)- ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਦੋ ਜਾਂ ਤਿੰਨ ਐਮ.ਪੀ. ਪਾਲਾ ਬਦਲ ਕੇ ਸੱਤਾਧਾਰੀ ਲਿਬਰਲ ਪਾਰਟੀ ਵੱਲ ਜਾ ਸਕਦੇ ਹਨ।
ਇੱਕ ਮੀਡੀਆ ਅਦਾਰੇ ਦੀ ਰਿਪੋਰਟ ਮੁਤਾਬਕ ਨੋਵਾ ਸਕੋਸ਼ੀਆ ਤੋਂ ਐਮ.ਪੀ. ਕ੍ਰਿਸ ਡੌਂਟ੍ਰੇਮੌਂਅ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਕੰਜ਼ਰਵੇਟਿਵ ਪਾਰਟੀ ਛੱਡਣ ਬਾਰੇ ਵਿਚਾਰ ਕਰ ਰਹੇ ਸਨ ਤਾਂ ਤਿੰਨ ਜਾਂ ਚਾਰ ਐਮ.ਪੀਜ਼ ਵੱਲੋਂ ਇਹ ਰਾਹ ਅਖਤਿਆਰ ਕਰਨ ਦੀ ਸੰਭਾਵਨਾ ਬਾਰੇ ਪਤਾ ਲੱਗਾ ਸੀ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਡੌਂਟ੍ਰੇਮੌਂਅ ਤੋਂ ਬਾਅਦ ਮੈਟ ਜੈਨਰੋ ਦੇ ਰੂਪ ਵਿਚ ਦੂਜਾ ਐਮ.ਪੀ. ਕੰਜ਼ਰਵੇਟਿਵ ਪਾਰਟੀ ਛੱਡ ਚੁੱਕਾ ਹੈ ਅਤੇ ਤੀਜੇ ਜਾਂ ਚੌਥੇ ਐਮ.ਪੀ. ਦੇ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪਾਲਾ ਬਦਲਣ ਵਾਲੇ ਕ੍ਰਿਸ ਡੌਂਟ੍ਰੇਮੌਂਅ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਆਗੂਆਂ ’ਤੇ ਉਸਦੇ ਦਫ਼ਤਰ ਵਿਚ ਆ ਕੇ ਖੱਪ-ਖਾਨਾ ਪਾਉਣ ਅਤੇ ਉਸ ਲਈ ‘ਸੱਪ’ ਲਫ਼ਜ਼ ਦੀ ਵਰਤੋਂ ਕਰਨ ਦੇ ਦੋਸ਼ ਲਾਏ ਗਏ ਹਨ। ਜਦੋਂਕਿ ਵਿਰੋਧੀ ਧਿਰ ਦੇ ਆਗੂ ਦੇ ਦਫ਼ਤਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ ਹੈ।