ਸਰੀ (ਬਲਦੇਵ ਸਿੰਘ ਭੰਮ)- ਟਰੰਪ ਸਰਕਾਰ ਦੀ ਪ੍ਰਵਾਸ ਵਿਰੋਧੀ ਮੁਹਿੰਮ ਵਿਚ ਇੱਕ ਹੋਰ ਅਧਿਆਇ ਜੁੜ ਗਿਆ ਹੈ ਹੁਣ ਸ਼ੂਗਰ ਦੇ ਮਰੀਜ਼ਾਂ ਜਾਂ ਜ਼ਿਆਦਾ ਸਰੀਰਕ ਵਜ਼ਨ ਵਾਲੇ ਲੋਕਾਂ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲੇਗਾ।
ਟਰੰਪ ਸਰਕਾਰ ਵੱਲੋਂ ਦੁਨੀਆਂ ਭਰ ਵਿਚ ਤਾਇਨਾਤ ਵੀਜ਼ਾ ਅਫ਼ਸਰਾਂ ਨੂੰ ਹਦਾਇਤ ਦਿਤੀ ਗਈ ਹੈ ਕਿ ਸਿਹਤ ਸਮੱਸਿਆਵਾਂ ਦੇ ਆਧਾਰ ’ਤੇ ਵੀਜ਼ਾ ਅਰਜ਼ੀਆਂ ਰੱਦ ਕਰ ਦਿਤੀਆਂ ਜਾਣ ਅਤੇ ਬਜ਼ੁਰਗਾਂ ਨੂੰ ਕਿਸੇ ਵੀ ਹਾਲਤ ਵਿਚ ਜਹਾਜ਼ ਚੜ੍ਹਨ ਦੀ ਇਜਾਜ਼ਤ ਨਾ ਦਿਤੀ ਜਾਵੇ ਕਿਉਂਕਿ ਅਜਿਹੇ ਲੋਕ ਅਮਰੀਕਾ ਦਾਖਲ ਹੋਣ ਮਗਰੋਂ ਸਰਕਾਰ ਉਤੇ ਬੋਝ ਬਣ ਸਕਦੇ ਹਨ।
ਵਿਦੇਸ਼ ਵਿਭਾਗ ਵੱਲੋਂ ਜਾਰੀ ਹਦਾਇਤਾਂ ਵਿਚ ਦਿਲ ਦੇ ਰੋਗਾਂ, ਸਾਹ ਦੇ ਰੋਗਾਂ, ਕੈਂਸਰ ਪੀੜਤ ਲੋਕਾਂ, ਡਾਇਬਟੀਜ਼, ਮੈਟਾਬੌਲਿਕ ਡਿਜ਼ੀਜ਼, ਨਿਊਰੋਲੌਜੀਕਲ ਡਿਜ਼ੀਜ਼ ਅਤੇ ਮੈਂਟਲ ਹੈਲਥ ਕੰਡੀਸ਼ਨਜ਼ ਨੂੰ ਸ਼ਾਮਲ ਕਰਦਿਆਂ ਕਿਹਾ ਗਿਆ ਹੈ ਕਿ ਇਨ੍ਹਾਂ ਬਿਮਾਰੀਆਂ ਦੇ ਇਲਾਜ ’ਤੇ ਲੱਖਾਂ ਡਾਲਰ ਖਰਚ ਹੋ ਸਕਦੇ ਹਨ ਜਿਸ ਦੇ ਮੱਦੇਨਜ਼ਰ ਬਿਨੈਕਾਰ ਦੀ ਵੀਜ਼ਾ ਅਰਜ਼ੀ ਹੀ ਰੱਦ ਕਰ ਦਿਤੀ ਜਾਵੇ।
ਵੀਜ਼ਾ ਅਧਿਕਾਰੀਆਂ ਨੂੰ ਮੋਟਾਪੇ ਦਾ ਸ਼ਿਕਾਰ ਲੋਕਾਂ ਵੱਲ ਖ਼ਾਸ ਤਵੱਜੋ ਦੇਣ ਵਾਸਤੇ ਆਖਿਆ ਗਿਆ ਹੈ ਕਿਉਂਕਿ ਅਜਿਹੇ ਲੋਕਾਂ ਨੂੰ ਦਮਾ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਵੀਜ਼ਾ ਅਫ਼ਸਰਾਂ ਨੂੰ ਹਦਾਇਤ ਦਿਤੀ ਗਈ ਹੈ ਕਿ ਬਿਨੈਕਾਰਾਂ ਦੀ ਆਰਥਿਕ ਹਾਲਤ ਨੂੰ ਡੂੰਘਾਈ ਨਾਲ ਘੋਖਿਆ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਸਬੰਧਤ ਬਿਨੈਕਾਰ ਅਮਰੀਕਾ ਸਰਕਾਰ ਦੀ ਮਦਦ ਤੋਂ ਬਗੈਰ ਇਲਾਜ ਕਰਵਾਉਣ ਦੀ ਤਾਕਤ ਰਖਦਾ ਹੋਵੇ। ਟਰੰਪ ਸਰਕਾਰ ਦੇ ਹੁਕਮ ਇਥੇ ਹੀ ਨਹੀਂ ਰੁਕਦੇ ਅਤੇ ਸਾਰੀਆਂ ਹੱਦਾਂ ਪਾਰ ਕਰਦਿਆਂ ਕਿਹਾ ਗਿਆ ਹੈ ਕਿ ਬਿਨੈਕਾਰ ਦੇ ਬੱਚਿਆਂ ਸਣੇ ਹਰ ਪਰਵਾਰਕ ਮੈਂਬਰ ਦੀ ਸਿਹਤ ਨਾਲ ਸਬੰਧਤ ਜਾਣਕਾਰੀ ਮੌਜੂਦ ਹੋਣੀ ਚਾਹੀਦੀ ਹੈ।