ਫਿਰੌਤੀਆਂ ਲਈ ਕਾਰੋਬਾਰੀਆਂ ‘ਤੇ ਗੋਲੀਆਂ ਚਲਾਉਣ ਵਾਲਾ ਕਾਬੂ ● ਭਗੌੜੇ ਸਾਥੀ ਦੀ ਤਲਾਸ਼ ‘ਚ ਜੁਟੀ ਪੁਲਿਸ

ਸਰੀ (ਬਲਦੇਵ ਸਿੰਘ ਭੰਮ)- ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ’ਤੇ ਫਿਰੌਤੀਆਂ ਦੇ ਮਕਸਦ ਨਾਲ ਗੋਲੀਆਂ ਚਲਾਉਣ ਦੇ ਦੋ ਮਾਮਲਿਆਂ ਦੀ ਪੜਤਾਲ ਕਰ ਰਹੀ ਪੁਲਿਸ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸਦਾ ਦੂਜਾ ਸਾਥੀ ਫ਼ਰਾਰ ਹੈ ਜਿਸਦੀ ਸਰਗਰਮੀ ਨਾਲ ਭਾਲ ਜਾਰੀ ਹੈ। ਪੀਲ ਰੀਜਨਲ ਪੁਲਿਸ ਅਨੁਸਾਰ ਪਹਿਲੀ ਵਾਰਦਾਤ 26 ਅਕਤੂਬਰ ਨੂੰ ਤੜਕਸਾਰ 3 ਵਜੇ ਕੈਲੇਡਨ ਵਿਖੇ ਹਾਈਵੇਅ 10 ਲਾਗੇ ਓਲਡ ਸਕੂਲ ਰੋਡ ਅਤੇ ਕ੍ਰੈਡਿਟ ਵਿਊ ਰੋਡ ’ਤੇ ਵਾਪਰੀ। ਪੁਲਿਸ ਮੁਤਾਬਕ ਸਿਲਵਰ ਕਲਰ ਦੀ ਬੀ.ਐਮ.ਡਬਲਿਊ ਵਿਚ ਸਵਾਰ ਦੋ ਸ਼ੱਕੀਆਂ ਨੇ ਵਾਰਦਾਤ ਨੂੰ ਅੰਜਾਮ ਦਿਤਾ। ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਗਿਆ ਕਿ ਇਕ ਸ਼ੱਕੀ ਡਰਾਈਵੇਅ ਤੇ ਤੇਲ ਛਿੜਕ ਕੇ ਅੱਗ ਲਾਉਂਦਾ ਹੈ ਅਤੇ ਫੇਰ ਦੋਵੇਂ ਸ਼ੱਕੀ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਉਂਦੇ ਹਨ। ਕੁਝ ਸਮੇਂ ਬਾਅਦ ਇਹ ਦੋਵੇਂ ਸ਼ੱਕੀ ਬਰੈਂਪਟਨ ਦੀ ਹਾਈਵੇਅ 407 ਦੇ ਉੱਤਰ ਵੱਲ ਡਿਕਸੀ ਰੋਡ ਅਤੇ ਐਡਵਾਂਸ ਬੁਲੇਵਾਰਡ ’ਤੇ ਇਕ ਕਾਰੋਬਾਰੀ ਅਦਾਰੇ ਤੇ ਗੱਡੀ ਵਿਚ ਬੈਠੇ ਬੈਠੇ ਹੀ ਗੋਲੀਆਂ ਚਲਾਉਦੇ ਹਨ। ਦੋਹਾਂ ਵਾਰਦਾਤਾਂ ਦੌਰਾਨ ਭਾਵੇਂ ਕੋਈ ਜ਼ਖਮੀ ਨਹੀਂ ਹੋਇਆ ਪਰ ਸ਼ੱਕੀਆਂ ਦੀ ਭਾਲ ਵਿਚ ਜੁਟੀ ਪੁਲਿਸ ਨੇ 25 ਸਾਲ ਦੇ ਇਕਬਾਲ ਭਾਗੜੀਆ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਦਿਆਂ ਅਗਜ਼ਨੀ, ਨਾਜਾਇਜ਼ ਹਥਿਆਰ ਰੱਖਣ ਅਤੇ ਲਾਪ੍ਰਵਾਹੀ ਨਾਲ ਹਥਿਆਰ ਚਲਾਉਣ ਦੇ ਦੋਸ਼ ਆਇਦ ਕਰ ਦਿਤੇ ਹਨ। ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਪੀਲ ਰੀਜਨਲ ਪੁਲਿਸ ਦੂਜੇ ਸ਼ੱਕੀ ਦੀ ਸ਼ਨਾਖਤ ਤੈਅ ਕਰਦਿਆਂ ਉਸ ਨੂੰ ਕਾਬੂ ਕਰਨ ਦੇ ਆਹਰ ਵਿਚ ਜੁਟੀ ਹੋਈ ਹੈ। ਇਕਬਾਲ ਭਾਗੜੀਆ ਦੇ ਸਾਥੀ ਦੀ ਤਲਾਸ਼ ਵਿਚ ਜੁਟੀ ਪੁਲਿਸ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਵਾਰਦਾਤਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905-453-2121 ’ਤੇ ਸੰਪਰਕ ਕੀਤਾ ਜਾਵੇ। ਜਿਕਰਯੋਗ ਹੈ ਕਿ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਕੈਨੇਡਾ ਸਰਕਾਰ ਨੇ ਸ਼ੱਕੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਡਿਪੋਰਟ ਕਰਨਾ ਸ਼ੁਰੂ ਕਰ ਦਿਤਾ ਹੈ। ਹੁਣ ਤੱਕ ਤਿੰਨ ਜਣਿਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ 78 ਹੋਰਨਾਂ ਨੂੰ ਕੱਢਣ ਦੀ ਕਾਰਵਾਈ ਚੱਲ ਰਹੀ ਹੈ। ਪੀਲ ਪੁਲਿਸ ਵੱਲੋਂ ਗ੍ਰਿਫ਼ਤਾਰ ਇਕਬਾਲ ਭਾਗੜੀਆ ਫ਼ਿਲਹਾਲ ਹਿਰਾਸਤ ਵਿਚ ਹੈ।

Related Articles

Leave a Reply

Your email address will not be published. Required fields are marked *