ਸਰੀ (ਬਲਦੇਵ ਸਿੰਘ ਭੰਮ)- ਕੈਨੇਡਾ ਇਸ ਸਮੇਂ ਅਮਰੀਕਾ ਨਾਲ ਚੱਲ ਰਹੇ ਵਪਾਰਕ ਤਣਾਅ ਦੇ ਦੌਰਾਨ ਚੀਨ ਨਾਲ ਆਪਣੇ ਸੰਬੰਧ ਮੁੜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਬੰਧ ਵਿੱਚ ਸਾਬਕਾ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰਿਗ ਨੇ ਚੇਤਾਵਨੀ ਦਿੱਤੀ ਹੈ ਕਿ ਚੀਨ ਨੂੰ ਕੈਨੇਡਾ ਦੀ ਆਰਥਿਕ ਰਣਨੀਤੀ ਦਾ ਕੇਂਦਰ ਬਣਾਉਣਾ ਸਹੀ ਫੈਸਲਾ ਨਹੀਂ ਹੋਵੇਗਾ।
ਕੋਵਰਿਗ ਨੇ ਕਿਹਾ ਕਿ “ਚੀਨ ਇੱਕ ਭਰੋਸੇਯੋਗ ਸਾਥੀ ਨਹੀਂ ਹੈ ਤੇ ਜੇ ਕੈਨੇਡਾ ਚੀਨ ’ਤੇ ਨਿਰਭਰ ਹੋਇਆ ਤਾਂ ਚੀਨ ਉਸ ਨਿਰਭਰਤਾ ਨੂੰ ਭਵਿੱਖ ਵਿੱਚ ਰਾਜਨੀਤਿਕ ਦਬਾਅ ਲਈ ਵਰਤ ਸਕਦਾ ਹੈ।”
ਕੋਵਰਿਗ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੱਖਣੀ ਕੋਰੀਆ ਵਿੱਚ ਹੋਏ APEC ਸੰਮੇਲਨ ਦੌਰਾਨ ਚੀਨੀ ਰਾਸ਼ਟਰਪਤੀ ਸੀ ਜਿਨਪਿੰਗ ਨਾਲ ਅੱਠ ਸਾਲਾਂ ਬਾਅਦ ਪਹਿਲੀ ਵਾਰ ਮੁਲਾਕਾਤ ਕੀਤੀ ਹੈ।
ਜਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਦੇ ਰਿਸ਼ਤੇ 2018 ਵਿੱਚ ਉਸ ਸਮੇਂ ਖਰਾਬ ਹੋ ਗਏ ਸਨ, ਜਦੋਂ ਕੈਨੇਡਾ ਨੇ ਹੂਆਵੇ ਦੀ ਅਧਿਕਾਰੀ ਮੈਂਗ ਵਾਂਝੂ ਨੂੰ ਅਮਰੀਕਾ ਦੀ ਬੇਨਤੀ ’ਤੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਚੀਨ ਨੇ ਮਾਈਕਲ ਕੋਵਰਿਗ ਅਤੇ ਮਾਈਕਲ ਸਪਾਵਰ ਨੂੰ ਜਾਸੂਸੀ ਦੇ ਝੂਠੇ ਦੋਸ਼ਾਂ ’ਚ ਕੈਦ ਕਰ ਲਿਆ ਸੀ। ਦੋਵੇਂ ਨੂੰ ਲਗਭਗ 1,000 ਦਿਨਾਂ ਬਾਅਦ ਰਿਹਾਅ ਕੀਤਾ ਗਿਆ ਸੀ।
ਇਸ ਸਾਲ ਜਾਰੀ ਇਕ ਜਾਂਚ ਰਿਪੋਰਟ ਵਿੱਚ ਚੀਨ ’ਤੇ ਕੈਨੇਡਾ ਦੀ ਰਾਜਨੀਤੀ ਵਿੱਚ ਦਖ਼ਲਅੰਦਾਜ਼ੀ ਕਰਨ ਦੇ ਦੋਸ਼ ਵੀ ਲਗਾਏ ਗਏ ਹਨ।