ਸਰੀ (ਬਲਦੇਵ ਸਿੰਘ ਭੰਮ)- ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਇਸ ਹਫ਼ਤੇ ਦੇ ਅੰਤ ਤੱਕ ਵੱਡੇ ਪ੍ਰੋਜੈਕਟਾਂ ਦੀ ਅਗਲੀ ਸੂਚੀ ਜਾਰੀ ਕਰੇਗੀ, ਜਿਨ੍ਹਾਂ ਨੂੰ ਤੇਜ਼ ਮਨਜ਼ੂਰੀ ਦਿੱਤੀ ਜਾਵੇਗੀ। ਇਹ ਸਭ ਉਹਨਾਂ ਕੋਸ਼ਿਸ਼ਾਂ ਦਾ ਹਿੱਸਾ ਹੈ ਜੋ ਕੈਨੇਡਾ ਅਮਰੀਕਾ ਨਾਲ ਚੱਲ ਰਹੇ ਟੈਰਿਫ਼ ਵਿਵਾਦ ਦੇ ਦੌਰਾਨ ਅਰਥਵਿਵਸਥਾ ਨੂੰ ਉਭਾਰਨ ਲਈ ਕੀਤਾ ਜਾ ਰਿਹਾ ਹੈ।
ਕਾਰਨੀ ਨੇ ਕਿਹਾ ਕਿ ਇਹ ਸੂਚੀ ਵੀਰਵਾਰ ਨੂੰ ਪ੍ਰਿੰਸ ਰੂਪਰਟ, ਬ੍ਰਿਟਿਸ਼ ਕੋਲੰਬੀਆ ਵਿੱਚ ਜਾਰੀ ਕੀਤੀ ਜਾਵੇਗੀ। ਜਿੱਥੇ ਪਹਿਲਾਂ ਹੀ ਮੂਲਨਿਵਾਸੀ ਭਾਈਚਾਰੇ ਵੱਲੋਂ ਪ੍ਰਸਤਾਵਿਤ Ksi Lisims Liquified Natural Gas (LNG) ਪ੍ਰੋਜੈਕਟ ਨੂੰ ਫੈਡਰਲ ਮਨਜ਼ੂਰੀ ਮਿਲ ਚੁੱਕੀ ਹੈ।
ਕਾਰਨੀ ਨੇ ਕਿਹਾ ਕਿ ਵੀਰਵਾਰ ਨੂੰ ਐਲਾਨ ਹੋਣ ਵਾਲੇ ਪ੍ਰੋਜੈਕਟਾਂ ਦਾ ਇਹ ਆਖ਼ਰੀ ਗੇੜ੍ਹ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੇਜਰ ਪ੍ਰੋਜੈਕਟਸ ਆਫਿਸ (MPO) ਦੀ ਸੂਚੀ ਇੱਕ ਜੀਵੰਤ ਸੂਚੀ ਵਾਂਗ ਹੋਵੇਗੀ ਜੋ ਭਵਿੱਖ ਵਿੱਚ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਨਵੇਂ ਪ੍ਰੋਜੈਕਟ ਸਮੇਂ-ਸਮੇਂ ਤੇ ਜੋੜੇ ਜਾਣਗੇ, ਤਾਂ ਜੋ ਫੈਡਰਲ ਸਰਕਾਰ ਦੇਸ਼ ਦੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਵਧਾ ਸਕੇ, ਬੇਕਾਰ ਦੇ ਨਿਯਮਾਂ ਅਤੇ ਰੋਕਾਂ ਨੂੰ ਹਟਾ ਸਕੇ ਅਤੇ ਕੁਝ ਚੁਣੇ ਹੋਏ ਪ੍ਰੋਜੈਕਟਾਂ ਨੂੰ ਖਾਸ ਨਿਯਮਾਂ ਤੋਂ ਛੋਟ ਦੇ ਸਕੇ।
ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੁਝ ਸੂਬਿਆਂ ਦੇ ਪ੍ਰੋਜੈਕਟ ਹੁਣ ਤੱਕ ਸੂਚੀ ਵਿੱਚ ਕਿਉਂ ਨਹੀਂ ਆਏ, ਤਾਂ ਉਹਨਾਂ ਨੇ ਕਿਹਾ, ਇਹ ਇੱਦਾਂ ਨਹੀਂ ਹੈ ਕਿ ਇੱਕ ਵਾਰੀ ਹੋਇਆ ਅਤੇ ਖ਼ਤਮ। ਯਾਨੀ ਇਹ ਪ੍ਰਕਿਰਿਆ ਚੱਲਦੀ ਰਹੇਗੀ ਅਤੇ ਹੋਰ ਸੂਬਿਆਂ ਦੇ ਪ੍ਰੋਜੈਕਟ ਵੀ ਅਗਲੇ ਗੇੜ੍ਹਾਂ ਵਿੱਚ ਜੋੜੇ ਜਾਣਗੇ।