ਸਰੀ (ਬਲਦੇਵ ਸਿੰਘ ਭੰਮ)- ਪੁਲਿਸ ਨੇ ਕੈਨੇਡਾ ਤੇ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਵਿੱਚ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਜਬਰੀ ਵਸੂਲੀ ਦੇ ਮਾਮਲੇ ਵਧਣ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਹੈ।
ਤਾਜ਼ਾ ਕਾਰਵਾਈ ਦੌਰਾਨ ਤਿੰਨ ਪੰਜਾਬੀ ਨਾਗਰਿਕਾਂ ਨੂੰ ਜਬਰਦਸਤੀ ਵਸੂਲੀ ਦੇ ਮਾਮਲਿਆਂ ਦੇ ਦੋਸ਼ਾਂ ਹੇਠ ਡਿਪੋਰਟ ਕਰ ਦਿੱਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ 78 ਹੋਰ ਵਿਦੇਸ਼ੀ ਨਾਗਰਿਕਾਂ ਵਿਰੁੱਧ ਵੀ ਜਬਰਦਸਤੀ ਕਾਲਾਂ ਅਤੇ ਫਿਰੌਤੀ ਨਾਲ ਜੁੜੇ ਮਾਮਲਿਆਂ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਇਮੀਗ੍ਰੇਸ਼ਨ ਜਾਂਚ ਸ਼ੁਰੂ ਕੀਤੀ ਗਈ ਹੈ।
ਜਨਤਕ ਸੁਰੱਖਿਆ ਮੰਤਰੀ ਅਤੇ ਸਾਲਿਸਿਟਰ ਜਨਰਲ ਨੀਨਾ ਕਰੀਗਰ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੋ ਲੋਕ ਜਬਰਦਸਤੀ ਵਸੂਲੀ ਵਿੱਚ ਸ਼ਾਮਲ ਹਨ ਅਤੇ ਸਾਡੇ ਭਾਈਚਾਰਿਆਂ ਨੂੰ ਡਰਾਉਂਦੇ ਹਨ, ਉਨ੍ਹਾਂ ਦਾ ਪਿੱਛਾ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ‘ਤੇ ਦੋਸ਼ ਲਗਾਏ ਜਾਣਗੇ।”
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਹਿੰਸਕ ਜਬਰਦਸਤੀ ਕਰਨ ਦੇ ਉਦੇਸ਼ ਨਾਲ ਕੈਨੇਡਾ ਆਉਂਦਾ ਹੈ, ਤਾਂ ਉਸਨੂੰ ਸਾਰੇ ਢੁਕਵੇਂ ਕਾਨੂੰਨਾਂ ਦੀ ਪਾਲਣਾ ਕਰਦਿਆਂ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਲੋਕ ਸੁਰੱਖਿਆ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸੇ ਸਾਲ ਸਤੰਬਰ ਦੇ ਅੱਧ ਵਿੱਚ ਸੂਬਾਈ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ।