ਸਰੀ (ਮਨਦੀਪ ਸੈਣੀ)- ਹੈਲਥ ਕੈਨੇਡਾ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੈਨ ਅਮਰੀਕਨ ਹੈਲਥ ਔਰਗਨਾਈਜ਼ੇਸ਼ਨ ਨੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੂੰ ਸੂਚਿਤ ਕੀਤਾ ਹੈ ਕਿ ਹੁਣ ਕੈਨੇਡਾ ਕੋਲ ਖਸਰਾ ਮੁਕਤ ਹੋਣ ਦਾ ਦਰਜਾ ਨਹੀਂ ਰਿਹਾ।
ਏਜੰਸੀ ਨੇ ਕਿਹਾ ਹੈ ਕਿ PAHO ਨੇ ਤਾਜ਼ਾ ਮਹਾਮਾਰੀ ਅਤੇ ਲੈਬੋਰਟਰੀ ਡਾਟਾ ਦੀ ਸਮੀਖਿਆ ਕੀਤੀ ਹੈ ਅਤੇ ਇਹ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਵਿੱਚ ਖਸਰਾ ਦੇ ਵਾਇਰਸ ਦਾ ਇੱਕੋ ਸਟ੍ਰੇਨ ਲਗਾਤਾਰ ਇੱਕ ਸਾਲ ਤੋਂ ਵੱਧ ਸਮੇਂ ਤੋਂ ਫ਼ੈਲ ਰਿਹਾ ਹੈ।
ਜਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਿਹਤ ਖੇਤਰ ਵਿੱਚ ਇਹ ਗੱਲ ਚਲ ਰਹੀ ਸੀ ਕਿ ਕੈਨੇਡਾ ਆਪਣਾ ਖਸਰਾ ਮੁਕਤ ਹੋਣ ਦਾ ਦਰਜਾ ਗੁਆ ਸਕਦਾ ਹੈ। ਕਿਓਂਕਿ ਪਿਛਲੇ ਸਾਲ ਦੇ ਫ਼ੌਲ ਸੀਜ਼ਨ ਤੋਂ ਹੀ ਕੈਨੇਡਾ ਵਿੱਚ ਖਸਰਾ ਦਾ ਵੱਡਾ ਪ੍ਰਕੋਪ ਹੈ।
ਐਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਨਿਊ ਬ੍ਰੰਜ਼ਵਿਕ, ਨੋਵਾ ਸਕੋਸ਼ੀਆ, ਓਨਟੇਰਿਓ, ਪ੍ਰਿੰਸ ਐਡਵਰਡ ਆਇਲੈਂਡ, ਕਿਊਬੈਕ, ਸਸਕੈਚਵਨ ਅਤੇ ਨੌਰਥਵੈਸਟ ਟੈਰੀਟ੍ਰੀਜ਼ ਵਿਚ ਖਸਰਾ ਦੇ ਮਾਮਲੇ ਦਰਜ ਕੀਤੇ ਗਏ ਹਨ।
ਆਪਣੇ ਬਿਆਨ ਵਿੱਚ, ਹੈਲਥ ਕੈਨੇਡਾ ਨੇ ਕਿਹਾ ਕਿ ਹਾਲਾਂਕਿ ਹੁਣ ਫ਼ੈਲਣ ਦੀ ਗਤੀ ਹੌਲੀ ਹੋ ਗਈ ਹੈ, ਪਰ ਪ੍ਰਕੋਪ 12 ਮਹੀਨਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ ਹੈ, ਖ਼ਾਸ ਕਰਕੇ ਉਹਨਾਂ ਭਾਈਚਾਰਿਆਂ ਵਿੱਚ ਜਿੱਥੇ ਟੀਕਾਕਰਨ ਦੀ ਦਰ ਘੱਟ ਹੈ।