ਕੈਨੇਡਾ ਦੀ ਬੇਰੁਜ਼ਗਾਰੀ ਦਰ ਸੁਧਰੀ, 67 ਹਜ਼ਾਰ ਨਵੀਆਂ ਨੌਕਰੀਆਂ

ਸਰੀ (ਮਨਦੀਪ ਸੈਣੀ)- ਸਟੈਟਸ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਅਕਤੂਬਰ ਮਹੀਨੇ ਦੌਰਾਨ ਕੈਨੇਡੀਅਨ ਅਰਥਵਿਵਸਥਾ ਵਿਚ 67,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਅਤੇ ਬੇਰੁਜ਼ਗਾਰੀ ਦਰ ਥੋੜ੍ਹੀ ਘੱਟ ਕੇ 6.9% ਦਰਜ ਹੋਈ ਹੈ। ਜ਼ਿਆਦਾ ਵਾਧਾ ਪਾਰਟ-ਟਾਈਮ ਨੌਕਰੀਆਂ ਵਿਚ ਹੋਇਆ ਹੈ।

ਸੈਕਟਰ ਦੇ ਹਿਸਾਬ ਨਾਲ ਨਜ਼ਰ ਮਾਰੀਏ ਤਾਂ ਥੋਕ ਅਤੇ ਰਿਟੇਲ ਵਪਾਰ ਵਿੱਚ 41,000 ਨਵੀਆਂ ਨੌਕਰੀਆਂ ਜੁੜੀਆਂ ਹਨ। ਨਾਲ ਹੀ ਆਵਾਜਾਈ ਅਤੇ ਵੇਅਰਹਾਉਸਿੰਗ, ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ, ਅਤੇ ਯੂਟਿਲਿਟੀ ਖੇਤਰਾਂ ਵਿੱਚ ਵੀ ਵਾਧਾ ਹੋਇਆ ਹੈ।

ਇਸ ਦੌਰਾਨ ਕੰਸਟਰਕਸ਼ਨ ਖੇਤਰ ਨੇ 15,000 ਨੌਕਰੀਆਂ ਗੁਆਈਆਂ ਹਨ। ਸਟੈਟਕੈਨ ਅਨੁਸਾਰ ਜਨਵਰੀ ਤੋਂ ਅਕਤੂਬਰ ਤੱਕ ਮਾਲ ਉਤਪਾਦਨ ਵਾਲੇ ਖੇਤਰਾਂ (ਜਿਵੇਂ ਕੰਸਟਰਕਸ਼ਨ ਤੇ ਨਿਰਮਾਣ) ਵਿੱਚ ਰੁਜ਼ਗਾਰ ਘਟਿਆ, ਜਦਕਿ ਸੇਵਾਵਾਂ ਵਾਲੇ ਖੇਤਰਾਂ ਵਿੱਚ ਇਸੇ ਸਮੇਂ ਦੌਰਾਨ 142,000 ਨੌਕਰੀਆਂ ਵਧੀਆਂ ਹਨ।

ਅਕਤੂਬਰ ਵਿੱਚ ਸ਼ਾਮਲ ਹੋਈਆਂ ਜ਼ਿਆਦਾਤਰ ਨੌਕਰੀਆਂ ਪਾਰਟ-ਟਾਈਮ ਸਨ, ਹਾਲਾਂਕਿ ਪਿਛਲੇ ਸਾਲ ਨਾਲੋਂ ਫੁਲ-ਟਾਈਮ ਅਤੇ ਪਾਰਟ-ਟਾਈਮ ਦੋਵੇਂ ਕਿਸਮਾਂ ਦੀਆਂ ਨੌਕਰੀਆਂ ਵਧੀਆਂ ਹਨ। ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਵਿੱਚ ਵੀ 73,000 ਦਾ ਵਾਧਾ ਹੋਇਆ ਹੈ, ਜਦਕਿ ਸਰਕਾਰੀ ਕਾਮਿਆਂ ਦੀ ਗਿਣਤੀ ਸਥਿਰ ਰਹੀ ਹੈ।

ਸਤੰਬਰ ਵਿੱਚ ਜੋ ਲੋਕ ਬੇਰੁਜ਼ਗਾਰ ਸਨ, ਉਹਨਾਂ ਵਿੱਚੋਂ ਲਗਭਗ ਹਰ ਪੰਜਵੇਂ ਵਿਅਕਤੀ ਨੂੰ ਅਕਤੂਬਰ ਵਿੱਚ ਨੌਕਰੀ ਮਿਲੀ ਹੈ।

Related Articles

Leave a Reply

Your email address will not be published. Required fields are marked *