ਸਰੀ (ਬਲਦੇਵ ਸਿੰਘ ਭੰਮ)- ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਅਰਜ਼ੀਆਂ ਦਾ ਬੈਕਲਾਗ ਵਧ ਕੇ 9 ਲੱਖ 59 ਹਜ਼ਾਰ ਤੱਕ ਪੁੱਜ ਗਿਆ ਹੈ ਜਦੋਂਕਿ ਵਿਜ਼ਟਰ ਵੀਜ਼ਾ ਦਾ ਉਡੀਕ ਸਮਾਂ ਵਧ ਕੇ 100 ਦਿਨ ਤੱਕ ਪੁੱਜ ਗਿਆ ਹੈ।
ਸਭ ਤੋਂ ਵੱਧ ਬੈਕਲਾਗ ਟੈਂਪਰੇਰੀ ਰੈਜ਼ੀਡੈਂਸ ਵੀਜ਼ਿਆਂ ਵਿਚ ਪਾਇਆ ਗਿਆ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਸਤੰਬਰ ਦੇ ਅੰਤ ਤੱਕ ਵਿਚਾਰ ਅਧੀਨ ਅਰਜ਼ੀਆਂ ਦਾ ਅੰਕੜਾ 22 ਲੱਖ ਦਰਜ ਕੀਤਾ ਗਿਆ ਜਿਨ੍ਹਾਂ ਵਿਚੋਂ 12 ਲੱਖ 40 ਹਜ਼ਾਰ ਦੀ ਪ੍ਰੋਸੈਸਿੰਗ ਤੈਅਸ਼ੁਦਾ ਸਮਾਂ ਹੱਦ ਤੋਂ ਪਹਿਲਾਂ ਹੋਣ ਦੇ ਆਸਾਰ ਹਨ।
ਸੁਪਰ ਵੀਜ਼ਾ ਦੇ ਮਾਮਲੇ ਵਿਚ ਭਾਰਤੀਆਂ ਦਾ ਉਡੀਕ ਸਮਾਂ 169 ਦਿਨ ਚੱਲ ਰਿਹਾ ਹੈ ਜਦਕਿ ਪਾਕਿਸਤਾਨ ਤੋਂ ਆਈਆਂ ਅਰਜ਼ੀਆਂ ਦੇ ਮਾਮਲੇ ਵਿਚ ਉਡੀਕ ਸਮਾਂ 200 ਦਿਨ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਸ਼੍ਰੇਣੀ ਅਧੀਨ ਉਡੀਕ ਸਮਾਂ 42 ਹਫ਼ਤੇ ਤੱਕ ਪੁੱਜ ਸਕਦਾ ਹੈ ਜਦਕਿ ਕਿਊਬੈਕ ਵਿਚ 50 ਹਫ਼ਤੇ ਦੀ ਉਡੀਕ ਦੱਸੀ ਜਾ ਰਹੀ ਹੈ।
ਮਨੁੱਖਤਾ ਜਾਂ ਤਰਸ ਦੇ ਆਧਾਰ ’ਤੇ ਕੈਨੇਡਾ ਵਿਚ ਰਹਿਣ ਦੀ ਇਜਾਜ਼ਤ ਮੰਗਣ ਵਾਲਿਆਂ ਜਿਨ੍ਹਾਂ ਵਿਚ ਅਸਾਇਲਮ ਮੰਗਣ ਵਾਲੇ ਵੀ ਸ਼ਾਮਲ ਹਨ, ਨੂੰ 100 ਤੋਂ 106 ਮਹੀਨੇ ਤੱਕ ਉਡੀਕ ਕਰਨੀ ਪੈ ਸਕਦੀ ਹੈ। ਵਿਚਾਰ ਅਧੀਨ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਨਾਲ ਸਬੰਧਤ ਸਪਾਊਜ਼ ਵੀਜ਼ਾ ਅਰਜ਼ੀਆਂ ਦੀ ਗਿਣਤੀ 45,200 ਦੱਸੀ ਜਾ ਰਹੀ ਹੈ।
ਕੈਨੇਡੀਅਨ ਸਿਟੀਜ਼ਨਸ਼ਿਪ ਨਾਲ ਸਬੰਧਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 30 ਸਤੰਬਰ ਤੱਕ 2,59,500 ਮਾਮਲੇ ਵਿਚਾਰ ਅਧੀਨ ਸਨ ਜਿਨ੍ਹਾਂ ਵਿਚੋਂ 80 ਫ਼ੀ ਸਦੀ ਜਾਂ 2 ਲੱਖ 8 ਹਜ਼ਾਰ ਦਾ ਨਿਪਟਾਰਾ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਕੀਤੇ ਜਾਣ ਦੇ ਆਸਾਰ ਹਨ।
ਸਿਟੀਜ਼ਨਸ਼ਿਪ ਅਰਜ਼ੀਆਂ ਦਾ ਔਸਤ ਪ੍ਰੋਸੈਸਿੰਗ ਸਮਾਂ 13 ਮਹੀਨੇ ਚੱਲ ਰਿਹਾ ਹੈ ਜਦਕਿ ਪਰਮਾਨੈਂਟ ਰੈਜ਼ੀਡੈਂਸੀ ਨਵਿਆਉਣ ਵਾਲੀਆਂ ਅਰਜ਼ੀਆਂ 29 ਦਿਨ ਦੇ ਅੰਦਰ ਨਿਪਟਾਈਆਂ ਜਾ ਰਹੀਆਂ ਹਨ।