ਸਰੀ (ਬਲਦੇਵ ਸਿੰਘ ਭੰਮ)- ਇਜ਼ਰਾਇਲ ਨੇ ਸੋਮਵਾਰ ਨੂੰ ਗਾਜ਼ਾ ਨੂੰ 15 ਫ਼ਲਸਤੀਨੀਆਂ ਦੇ ਸ਼ਰੀਰ ਵਾਪਸ ਕਰ ਦਿੱਤੇ ਹਨ। ਇਹ ਕਦਮ ਅਮਰੀਕਾ ਦੀ ਮਦਦ ਨਾਲ ਹੋਈ ਜੰਗਬੰਦੀ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਫ਼ਲਸਤੀਨੀ ਲੜਾਕਿਆਂ ਨੇ ਇੱਕ ਇਸਰਾਈਲੀ ਬੰਦੀ ਦਾ ਸ਼ਰੀਰ ਵਾਪਸ ਕੀਤਾ ਸੀ। ਹੁਣ ਗਾਜ਼ਾ ‘ਚ ਸਿਰਫ਼ ਚਾਰ ਬੰਦੀਆਂ ਦੇ ਸ਼ਰੀਰ ਬਚੇ ਹਨ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੇਰਡ ਕੁਸ਼ਨਰ ਨੇ ਯਰੂਸ਼ਲਮ ‘ਚ ਇਸਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੈਤਨਯਾਹੂ ਨਾਲ ਮੁਲਾਕਾਤ ਕੀਤੀ, ਜਿਸ ਵਿਚ ਜੰਗਬੰਦੀ ਦੇ ਅਗਲੇ ਪੜਾਅ ‘ਤੇ ਗੱਲ ਹੋਈ ਹੈ।
ਜਿਕਰਯੋਗ ਹੈ ਕਿ ਪਿਛਲੀ ਜੰਗਬੰਦੀ ਜਨਵਰੀ 2025 ‘ਚ ਫੇਲ੍ਹ ਹੋ ਗਈ ਸੀ ਜਦੋਂ ਬੰਦੀਆਂ ਅਤੇ ਕੈਦੀਆਂ ਦੀ ਬਦਲੀ ਤੋਂ ਬਾਅਦ ਇਜ਼ਰਾਇਲ ਨੇ ਗਾਜ਼ਾ ‘ਤੇ ਹਮਲੇ ਕੀਤੇ ਸਨ। ਹੁਣ ਨਵੀਂ ਜੰਗਬੰਦੀ ਤਹਿਤ ਗਾਜ਼ਾ ਵਿਚ ਇੱਕ ਨਵਾਂ ਪ੍ਰਸ਼ਾਸਨਿਕ ਢਾਂਚਾ ਬਣਾਉਣ ਅਤੇ ਅੰਤਰਰਾਸ਼ਟਰੀ ਫੌਜੀ ਬਲ ਤਾਇਨਾਤ ਕਰਨ ਦੀ ਯੋਜਨਾ ਹੈ, ਪਰ ਇਹ ਅਜੇ ਸਪੱਸ਼ਟ ਨਹੀਂ ਕਿ ਦੋਵੇਂ ਪਾਸੇ ਇਸ ਲਈ ਤਿਆਰ ਹਨ ਜਾਂ ਨਹੀਂ।
ਗਾਜ਼ਾ ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ 315 ਫ਼ਲਸਤੀਨੀਆਂ ਦੇ ਸ਼ਰੀਰ ਵਾਪਸ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸਿਰਫ਼ 91 ਦੀ ਪਛਾਣ ਹੋਈ ਹੈ ਕਿਉਂਕਿ ਡੀ.ਐਨ.ਏ. ਟੈਸਟਿੰਗ ਦੀ ਸਹੂਲਤ ਉੱਥੇ ਨਹੀਂ।
ਇਸਰਾਈਲ ਨੂੰ ਹਾਲ ਹੀ ਵਿੱਚ 2014 ਵਿੱਚ ਮਾਰੇ ਗਏ ਆਪਣੇ ਸੈਨਿਕ ਹਾਦਾਰ ਗੋਲਡਿਨ ਦਾ ਸ਼ਰੀਰ ਵੀ ਵਾਪਸ ਮਿਲਿਆ ਹੈ, ਜਿਸ ਨਾਲ 11 ਸਾਲ ਪੁਰਾਣਾ ਮਾਮਲਾ ਮੁਕੰਮਲ ਹੋ ਗਿਆ।