ਸਰੀ (ਮਨਦੀਪ ਸੈਣੀ)- ਅਮਰੀਕਾ ਦੀ ਸਪਰੀਮ ਕੋਰਟ ਨੇ ਸੋਮਵਾਰ ਨੂੰ ਦੇਸ਼ ਅੰਦਰ ਸਮਲਿੰਗੀ ਵਿਆਹਾਂ ਨੂੰ 2015 ਚ ਕਾਨੂੰਨੀ ਦਰਜਾ ਦੇਣ ਦੇ ਫੈਸਲੇ ਵਿਰੁੱਧ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਇਹ ਅਪੀਲ ਕਿਮ ਡੇਵਿਸ, ਜੋ ਕਿ ਕੈਂਟਕੀ ਰਾਜ ਦੀ ਪੁਰਾਣੀ ਕੋਰਟ ਕਲਰਕ ਰਹੀ ਹੈ, ਵੱਲੋਂ ਕੀਤੀ ਗਈ ਸੀ। ਇਹ ਉਹੀ ਕਲਰਕ ਹੈ ਜਿਸਨੇ ਨੇ 2015 ਦੇ ਸਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਮਲਿੰਗੀ ਜੋੜਿਆਂ ਨੂੰ ਵਿਆਹ ਦੇ ਸਰਟੀਫਿਕੇਟ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਉਸਨੇ ਇਹ ਵੀ ਮੰਗ ਕੀਤੀ ਸੀ ਕਿ ਉਸ ‘ਤੇ ਲੱਗੇ $360,000 ਡਾਲਰ ਦੇ ਜੁਰਮਾਨੇ ਅਤੇ ਵਕੀਲਾਂ ਦੀ ਫੀਸ ਦਾ ਹੁਕਮ ਰੱਦ ਕੀਤਾ ਜਾਵੇ। ਪਰ ਸਪਰੀਮ ਕੋਰਟ ਨੇ ਬਿਨਾਂ ਕਿਸੇ ਟਿੱਪਣੀ ਦੇ ਇਹ ਅਪੀਲ ਰੱਦ ਕਰ ਦਿੱਤੀ ਹੈ।
ਡੇਵਿਸ ਦੇ ਵਕੀਲਾਂ ਨੇ ਜਸਟਿਸ ਕਲਾਰੇਂਸ ਥਾਮਸ ਦੇ ਬਿਆਨ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਇਸ ਤਰ੍ਹਾਂ ਦੇ ਵਿਆਹ ਨੂੰ ਕਾਨੂੰਨੀ ਬਣਾਉਣਾ “ਗਲਤ ਫੈਸਲਾ” ਸੀ।
ਜਿਕਰਯੋਗ ਹੈ ਕਿ 2015 ਦੇ ਉਸ ਮਾਮਲੇ ਵਿੱਚ ਚਾਰ ਜਸਟਿਸਾਂ ਨੇ ਵਿਰੋਧ ਕੀਤਾ ਸੀ, ਜਿਨ੍ਹਾਂ ਵਿੱਚ ਚੀਫ ਜਸਟਿਸ ਜੌਨ ਰੌਬਰਟਸ ਅਤੇ ਸੈਮੁਅਲ ਐਲੀਟੋ ਵੀ ਸ਼ਾਮਲ ਸਨ।
ਇਸ ਦੌਰਾਨ ਹਿਊਮਨ ਰਾਈਟਸ ਕੈਂਪੇਨ ਦੀ ਪ੍ਰਧਾਨ ਕੈਲੀ ਰੌਬਿਨਸਨ ਨੇ ਸਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਹੋਰਾਂ ਦੇ ਸੰਵਿਧਾਨਕ ਅਧਿਕਾਰਾਂ ਦਾ ਅਦਬ ਨਾ ਕਰਨ ਦਾ ਨਤੀਜਾ ਭੁਗਤਣਾ ਪੈਂਦਾ ਹੈ।