ਅਮਰੀਕੀ ਡਿਟੈਨਸ਼ਨ ਸੈਂਟਰਾਂ ਚ 66 ਹਜ਼ਾਰ ਪਰਵਾਸੀ ਤੂੜੇ-ਇੱਕ ਰਿਪੋਰਟ

ਸਰੀ (ਮਨਦੀਪ ਸੈਣੀ)- ਅਮਰੀਕਾ ਦੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰਾਂ ਵਿਚ ਬੰਦ ਪ੍ਰਵਾਸੀਆਂ ਦੀ ਗਿਣਤੀ ਵਧ ਕੇ 66 ਹਜ਼ਾਰ ਤੱਕ ਪੁੱਜ ਚੁੱਕੀ ਹੈ ਅਤੇ ਟਰੰਪ ਸਰਕਾਰ ਵੱਲੋਂ ਇਸ ਮਾਮਲੇ ਵਿਚ ਵੀ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ।

ਆਈਸ ਦੇ ਇਤਿਹਾਸ ਵਿਚ ਕਦੇ ਵੀ ਹਿਰਾਸਤ ਵਿਚ ਰੱਖੇ ਪ੍ਰਵਾਸੀਆਂ ਦਾ ਅੰਕੜਾ 60 ਹਜ਼ਾਰ ਤੋਂ ਨਹੀਂ ਟੱਪਿਆ ਅਤੇ ਆਖਰੀ ਵਾਰ ਸਭ ਤੋਂ ਉਚਾ ਅੰਕੜਾ ਡੌਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2019 ਵਿਚ ਦਰਜ ਕੀਤਾ ਗਿਆ ਜਦੋਂ 56 ਹਜ਼ਾਰ ਪ੍ਰਵਾਸੀ ਇੰਮੀਗ੍ਰੇਸ਼ਨ ਹਿਰਾਸਤ ਵਿਚ ਸਨ।

ਰਵਾਇਤੀ ਤੌਰ ’ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਊਂਟੀ ਜੇਲ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਉਸਾਰੀਆਂ ਜੇਲਾਂ ਵਿਚ ਰੱਖਿਆ ਜਾਂਦਾ ਹੈ ਪਰ ਟਰੰਪ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਫੌਜੀ ਅੱਡਿਆਂ ਨੂੰ ਵੀ ਪ੍ਰਵਾਸੀਆਂ ਦੀ ਜੇਲ ਵਿਚ ਤਬਦੀਲ ਕਰ ਦਿਤਾ ਗਿਆ ਹੈ।

ਜਿਕਰਯੋਗ ਹੈ ਕਿ ਇਸ ਵੇਲੇ ਆਈਸ 70 ਹਜ਼ਾਰ ਪ੍ਰਵਾਸੀਆਂ ਨੂੰ ਕੈਦ ਕਰਨ ਦੀ ਸਮਰੱਥਾ ਰਖਦੀ ਹੈ ਜਦਕਿ ਟਰੰਪ ਦੇ ਸੱਤਾ ਸੰਭਾਲਣ ਵੇਲੇ 41,500 ਮੰਜਿਆਂ ਦਾ ਪ੍ਰਬੰਧ ਮੌਜੂਦ ਸੀ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਅੰਕੜਿਆਂ ਮੁਤਾਬਕ ਆਈਸ ਦੀ ਹਿਰਾਸਤ ਵਿਚ ਮੌਜੂਦ 33 ਹਜ਼ਾਰ ਪ੍ਰਵਾਸੀਆਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਤੇ ਉਨ੍ਹਾਂ ਨੂੰ ਸਿਰਫ਼ ਗੈਰਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਦਾਖਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਡਿਪੋਰਟੇਸ਼ਨ ਦਾ ਸਿਲਸਿਲਾ ਲਗਾਤਾਰ ਜਾਰੀ ਰਹਿਣ ਕਰ ਕੇ ਅੰਕੜਾ ਘਟਦਾ-ਵਧਦਾ ਰਹਿੰਦਾ ਹੈ ਪਰ ਪ੍ਰਵਾਸੀਆਂ ਦੀ ਰਿਹਾਈ ਦਾ ਕੋਈ ਪ੍ਰਾਵਧਾਨ ਨਹੀਂ ਹੈ।

Related Articles

Leave a Reply

Your email address will not be published. Required fields are marked *