ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਨੂਹ ਹਿੰਸਾ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਸੁਰੱਖਿਆ ਪੁਲਸ ਨਹੀਂ ਕਰ ਸਕਦੀ। ਅਸੀਂ ਹਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੇ। ਆਪਣੀ ਗੱਲ ਨੂੰ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਆਬਾਦੀ 130 ਕਰੋੜ ਹੈ, ਜਿਸ ‘ਚੋਂ 2.7 ਕਰੋੜ ਹਰਿਆਣਾ ਦੀ ਹੈ, ਜਦਕਿ ਪੁਲਸ ਮੁਲਾਜ਼ਮ 60 ਲੱਖ ਦੇ ਕਰੀਬ ਹਨ ਤਾਂ ਅਜਿਹੇ ‘ਚ ਹਰ ਕਿਸੇ ਦੀ ਸੁਰੱਖਿਆ ਕਿਵੇਂ ਹੋਵੇਗੀ।
ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਸੂਬੇ ‘ਚ ਭੜਕੀ ਹਿੰਸਾ ‘ਚ 2 ਹੋਮ ਗਾਰਡਾਂ ਸਮੇਤ 6 ਲੋਕ ਮਾਰੇ ਗਏ। ਇਨ੍ਹਾਂ ਮਾਮਲਿਆਂ ‘ਚ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੂਹ ‘ਚ ਹਿੰਸਾ ਮਗਰੋਂ ਹੋਰ ਥਾਵਾਂ ‘ਤੇ ਹੋਈਆਂ ਹਿੰਸਾ ਦੀਆਂ ਘਟਨਾਵਾਂ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਸਥਿਤੀ ਹੁਣ ਆਮ ਹੈ। ਕਈ ਜ਼ਖ਼ਮੀਆਂ ਨੂੰ ਨਲਹੜ ਅਤੇ ਆਲੇ-ਦੁਆਲੇ ਦੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ।