ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਕਰਮਚਾਰੀਆਂ ਨੂੰ 12 ਮਹੀਨਿਆਂ ਦੀ ਜਣੇਪਾ ਛੁੱਟੀ ਅਤੇ ਪਿਤਾ ਨੂੰ ਇਕ ਮਹੀਨੇ ਦੀ ਛੁੱਟੀ ਦੇਵੇਗੀ। ਇੱਥੇ ਆਯੋਜਿਤ ਸਿੱਕਮ ਰਾਜ ਸਿਵਲ ਸੇਵਾ ਅਧਿਕਾਰੀ ਸੰਘ (ਐੱਸ.ਐੱਸ.ਸੀ.ਐੱਸ.ਓ.ਏ.) ਦੀ ਸਾਲਾਨਾ ਆਮ ਸਭਾ ਨੂੰ ਸੰਬੋਧਨ ਕਰਦੇ ਹੋਏ ਤਮਾਂਗ ਨੇ ਕਿਹਾ ਕਿ ਇਹ ਲਾਭ ਪ੍ਰਦਾਨ ਕਰਨ ਲਈ ਸੇਵਾ ਨਿਯਮਾਂ ‘ਚ ਤਬਦੀਲੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਬਿਹਤਰ ਦੇਖਭਾਲ ਕਰਨ ‘ਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਲਦ ਹੀ ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਮੈਟਰਨਿਟੀ ਲਾਭ ਐਕਟ 1961 ਦੇ ਅਧੀਨ ਨੌਕਰੀਪੇਸ਼ਾ ਔਰਤ 6 ਮਹੀਨੇ ਜਾਂ 26 ਹਫ਼ਤਿਆਂ ਦੀ ਪੇਡ ਮੈਟਰਨਿਟੀ ਲੀਵ ਦੀ ਹੱਕਦਾਰ ਹੈ। ਹਿਮਾਲਿਆ ਰਾਜ ਸਿੱਕਮ ‘ਚ ਦੇਸ਼ ਦੀ ਸਭ ਤੋਂ ਘੱਟ ਆਬਾਦੀ ਹੈ ਅਤੇ ਇੱਥੇ ਸਿਰਫ਼ 6.32 ਲੱਖ ਲੋਕ ਰਹਿੰਦੇ ਹਨ।