ਸਿੰਗਾਪੁਰ ਗੈਰ-ਬਾਸਮਤੀ ਸਫੈਦ ਚੌਲਾਂ ਦੇ ਭਾਰਤ ਤੋਂ ਐਕਸਪੋਰਟ ’ਤੇ ਪਾਬੰਦੀ ਤੋਂ ਛੋਟ ਪਾਉਣ ਲਈ ਭਾਰਤੀ ਅਧਿਕਾਰੀਆਂ ਦੇ ਸੰਪਰਕ ’ਚ ਹੈ

ਸਿੰਗਾਪੁਰ ਗੈਰ-ਬਾਸਮਤੀ ਸਫੈਦ ਚੌਲਾਂ ਦੇ ਭਾਰਤ ਤੋਂ ਐਕਸਪੋਰਟ ’ਤੇ ਪਾਬੰਦੀ ਤੋਂ ਛੋਟ ਪਾਉਣ ਲਈ ਭਾਰਤੀ ਅਧਿਕਾਰੀਆਂ ਦੇ ਸੰਪਰਕ ’ਚ ਹੈ। ਸਿੰਗਾਪੁਰ ਖੁਰਾਕ ਏਜੰਸੀ (ਐੱਸ. ਐੱਫ. ਏ.) ਨੇ ਕਿਹਾ ਕਿ ਐੱਸ. ਐੱਫ. ਏ. ਵੱਖ-ਵੱਖ ਸ੍ਰੋੋਤਾਂ ਤੋਂ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦਾ ਇੰਪੋਰਟ ਵਧਾਉਣ ਲਈ ਇੰਪੋਰਟਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਪਾਬੰਦੀ ਤੋਂ ਛੋਟ ਪਾਉਣ ਲਈ ਸਿੰਗਾਪੁਰ ਵੀ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿਚ ਹੈ।
ਭਾਰਤ ਸਰਕਾਰ ਨੇ ਆਗਾਮੀ ਤਿਓਹਾਰਾਂ ਦੌਰਾਨ ਘਰੇਲੂ ਸਪਲਾਈ ਵਧਾਉਣ ਅਤੇ ਪ੍ਰਚੂਨ ਕੀਮਤਾਂ ਨੂੰ ਕਾਬੂ ’ਚ ਰੱਖਣ ਲਈ 20 ਜੁਲਾਈ ਨੂੰ ਗੈਰ-ਬਾਸਮਤੀ ਸਫੈਦ ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ ਸੀ। ਸਿੰਗਾਪੁਰ ’ਚ ਭਾਰਤ ਤੋਂ ਐਕਸਪੋਰਟ ਹੋਣ ਵਾਲੇ ਕੁੱਲ ਚੌਲਾਂ ’ਚ ਗੈਰ-ਬਾਸਮਤੀ ਸਫੈਦ ਚੌਲਾਂ ਦੀ ਹਿੱਸੇਦਾਰੀ ਕਰੀਬ 25 ਫੀਸਦੀ ਹੈ। ਏਜੰਸੀ ਨੇ ਕਿਹਾਕਿ 2022 ਵਿਚ ਸਿੰਗਾਪੁਰ ਤੋਂ ਇੰਪੋਰਟ ਕੀਤੇ ਚੌਲਾਂ ਵਿਚ ਭਾਰਤ ਦੀ ਹਿੱਸੇਦਾਰੀ ਕਰੀਬ 40 ਫੀਸਦੀ ਸੀ। ਸਿੰਗਾਪੁਰ 30 ਤੋਂ ਵੱਧ ਦੇਸ਼ਾਂ ਤੋਂ ਚੌਲ ਇੰਪੋਰਟ ਕਰਦਾ ਹੈ। ਭਾਰਤ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ (ਅਪ੍ਰੈਲ-ਜੂਨ) ਤਿਮਾਹੀ ’ਚ ਕਰੀਬ 15.54 ਲੱਖ ਟਨ ਚੌਲਾਂ ਦਾ ਐਕਸਪੋਰਟ ਕੀਤਾ ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਸਿਰਫ 11.55 ਲੱਖ ਟਨ ਸੀ। ਯਾਨੀ ਇਸ ਵਿਚ 35 ਫੀਸਦੀ ਦਾ ਵਾਧਾ ਹੋਇਆ।