ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਭਾਰਤ ਨੂੰ 2047 ਤੱਕ ਇਕ ਵਿਕਸਿਤ ਰਾਸ਼ਟਰ ਬਣਾਉਣ ਲਈ ਸਰਕਾਰ ਚਾਰ ਪਹਿਲੂਆਂ ’ਤੇ ਧਿਆਨ ਦੇ ਰਹੀ ਹੈ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਭਾਰਤ ਨੂੰ 2047 ਤੱਕ ਇਕ ਵਿਕਸਿਤ ਰਾਸ਼ਟਰ ਬਣਾਉਣ ਲਈ ਸਰਕਾਰ ਚਾਰ ਪਹਿਲੂਆਂ ’ਤੇ ਧਿਆਨ ਦੇ ਰਹੀ ਹੈ। ਇਹ ਪਹਿਲੂ ਬੁਨਿਆਦੀ ਢਾਂਚਾ, ਨਿਵੇਸ਼, ਇਨੋਵੇਸ਼ਨ ਅਤੇ ਇਨਕਲੂਸਨ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੈਅ ਟੀਚੇ ਨੂੰ ਪੂਰਾ ਕਰਨ ਲਈ ਜ਼ਰੂਰੀ ਸੋਮੇ ਹਨ। ਨਿਵੇਸ਼ਕਾਂ ਦੇ ਹਿੱਤ ’ਚ ਸਰਕਾਰ ਦੇ ਕਈ ਸੁਧਾਰਾਂ ਦੇ ਨਾਲ ਹੀ ਭਾਰਤ ਵਿਚ ਇਕ ਵੱਡੀ ਨੌਜਵਾਨ ਆਬਾਦੀ ਹੈ ਅਤੇ ਅਰਥਵਿਵਸਥਾ ਦੀ ਲੋੜ ਮੁਤਾਬਕ ਉਨ੍ਹਾਂ ਨੂੰ ਕੁਸ਼ਲ ਬਣਾਉਣ ਦਾ ਲਾਭ ਮਿਲੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਬੁਨਿਆਦੀ ਢਾਂਚੇ (ਪਹਿਲਾ) ’ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੇ ਹਾਂ। ਪਿਛਲੇ ਤਿੰਨ ਤੋਂ ਪੰਜ ਸਾਲਾਂ ਵਿਚ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਜਨਤਕ ਖਰਚ ਵਿਚ ਕਾਫੀ ਵਾਧਾ ਹੋਇਆ ਹੈ ਅਤੇ 2023-24 ਵਿਚ ਇਹ ਅੰਕੜਾ 10 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਏਗਾ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਨਾਲ ਹੀ ਨਿਵੇਸ਼ (ਦੂਜਾ) ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਅਜਿਹੇ ’ਚ ਜਨਤਕ ਅਤੇ ਨਿੱਜੀ, ਦੋਵੇਂ ਖੇਤਰਾਂ ਦੀ ਭਾਈਵਾਲੀ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਡਿਜੀਟਲ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਨੂੰ ਵੀ ਮਹੱਤਵ ਦਿੱਤਾ ਗਿਆ ਹੈ। ਸੀਤਾਰਾਮਨ ਨੇ ਸੀ. ਆਈ. ਆਈ. ਵਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਕਿਹਾ ਕਿ ਅਸੀਂ ਜਨਤਕ ਅਤੇ ਨਿੱਜੀ ਨਿਵੇਸ਼ ਦੋਹਾਂ ਦੀ ਭਾਲ ਕਰ ਰਹੇ ਹਾਂ। ਇਸ ਲਈ ਅਨੁਕੂਲ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਤੀਜੀ ਪਹਿਲ ਇਨੋਵੇਸ਼ਨ ਦੀ ਹੈ। ਸਰਕਾਰ ਨੇ ਜੈਵਿਕ ਈਂਧਨ ਦੀ ਵਰਤੋਂ ਨੂੰ ਘੱਟ ਕਰਨ ਦੇ ਨਾਲ ਹੀ ਪੁਲਾੜ, ਪਰਮਾਣੂ ਊਰਜਾ ਸਮੇਤ ਕਈ ਖੇਤਰਾਂ ਨੂੰ ਨਿੱਜੀ ਉੱਦਮੀਆਂ ਲਈ ਖੋਲ੍ਹਿਆ ਹੈ। ਇਨ੍ਹਾਂ ਸਾਰੀਆਂ ਤਰਜੀਹਾਂ ਦੇ ਨਾਲ ਹੀ ਇਨਕਲੂਸਨ ਦੀ ਵੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਕਰਨਾ ਵੀ ਜ਼ਰੂਰੀ ਹੈ ਕਿ ਅਸੀਂ ਜੋ ਕੁੱਝ ਵੀ ਕਰ ਰਹੇ ਹਾਂ, ਉਸ ਦਾ ਲਾਭ ਭਾਰਤ ਦੇ ਹਰ ਵਰਗ ਨੂੰ ਮਿਲੇ।