ਬ੍ਰਿਟੇਨ ਸਥਿਤ ਭਾਰਤੀ ਮੂਲ ਦੀਆਂ ਔਰਤਾਂ ਦੇ ਸਮੂਹ ਨੇ ਮਣੀਪੁਰ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਲੰਡਨ ਵਿੱਚ ਮੌਨ ਮਾਰਚ ਕੱਢਿਆ

ਬ੍ਰਿਟੇਨ ਸਥਿਤ ਭਾਰਤੀ ਮੂਲ ਦੀਆਂ ਔਰਤਾਂ ਦੇ ਸਮੂਹ ਨੇ ਮਣੀਪੁਰ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਲੰਡਨ ਵਿੱਚ ਮੌਨ ਮਾਰਚ ਕੱਢਿਆ। ਦਿ ਵੂਮੈਨ ਆਫ ਨਾਰਥ ਈਸਟ ਇੰਡੀਆ ਸਪੋਰਟ ਨੈੱਟਵਰਕ (ਡਬਲਯੂ.ਐਨ.ਈ.ਐਸ.ਐਨ.) ਨਾਲ ਸਬੰਧਤ ਮਰਦਾਂ ਅਤੇ ਔਰਤਾਂ ਨੇ ਇੱਥੇ ਭਾਰਤੀ ਹਾਈ ਕਮਿਸ਼ਨ ਸਾਹਮਣੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਮੁਜ਼ਾਹਰਾਕਾਰੀਆਂ ਨੇ ਮੂੰਹਾਂ ‘ਤੇ ਮਾਸਕ ਪਹਿਨੇ ਹੋਏ ਸਨ ਅਤੇ ਹੱਥਾਂ ‘ਚ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ।
ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਸ਼ਾਮ ਨੂੰ ਪਾਰਲੀਮੈਂਟ ਸਕੁਏਅਰ ਤੋਂ ਇੱਕ ਜਲੂਸ ਕੱਢਿਆ, ਜੋ ਸੰਸਦ ਭਵਨ ਕੰਪਲੈਕਸ ਸਾਹਮਣੇ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਸਮਾਪਤ ਹੋਇਆ। ਇੱਕ ਬਿਆਨ ਵਿੱਚ ਡਬਲਯੂਐਨਈਐਸਐਨ ਨੇ ਕਿਹਾ ਕਿ “ਅਸੀਂ ਮਨੀਪੁਰ ਵਿੱਚ ਦੋ ਕੁਕੀ ਆਦਿਵਾਸੀ ਔਰਤਾਂ ਨੂੰ ਨਗਨ ਘੁੰਮਾਉਣ ਤੇ ਸਮੂਹਿਕ ਜਬਰ ਜਨਾਹ ਦੀ ਘਟਨਾ ਖ਼ਿਲਾਫ਼ ਆਪਣਾ ਦਰਦ ਤੇ ਗੁੱਸਾ ਜ਼ਾਹਰ ਕਰਨ ਲਈ ਅਤੇ ਪੀੜਤਾਂ ਨਾਲ ਇਕਜੁੱਟਤਾ ਦਿਖਾਉਣ ਲਈ ਇੱਕ ਜਲੂਸ ਕੱਢਿਆ। ਇਸ ਸਮੂਹ ਦੀ ਸਥਾਪਨਾ ਮਹਾਮਾਰੀ ਦੌਰਾਨ ਸਾਲ 2020 ਵਿੱਚ ਇੱਕ ਕਮਿਊਨਿਟੀ-ਅਧਾਰਤ ਮਹਿਲਾ ਸਹਾਇਤਾ ਨੈੱਟਵਰਕ ਵਜੋਂ ਕੀਤੀ ਗਈ ਸੀ।