ਬੇਭਰੋਸਗੀ ਮਤੇ ‘ਤੇ ਚਰਚਾ ਦਾ ਅੱਜ ਦੂਜਾ ਦਿਨ ਹੈ। ਰਾਹੁਲ ਗਾਂਧੀ ਨੇ ਮਤੇ ‘ਤੇ ਆਪਣੀ ਗੱਲ ਰੱਖੀ। ਚਰਚਾ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪਿਛਲੀ ਵਾਰ ਅਡਾਨੀ ਮੁੱਦੇ ‘ਤੇ ਬੋਲਿਆ ਸੀ। ਉਸ ਤੋਂ ਸੀਨੀਅਰ ਨੇਤਾ ਨੂੰ ਦੁੱਖ ਹੋਇਆ ਪਰ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਮੇਰਾ ਭਾਸ਼ਣ ਅੱਜ ਦੂਜੀ ਦਿਸ਼ਾ ਵਿਚ ਜਾ ਰਿਹਾ ਹੈ। ਅੱਜ ਮੈਂ ਦਿਮਾਗ ਨਾਲ ਨਹੀਂ ਦਿਲ ਨਾਲ ਬੋਲਣਾ ਚਾਹੁੰਦਾ ਹਾਂ।
ਰਾਹੁਲ ਗਾਂਧੀ ਨੇ ਮਣੀਪੁਰ ਮੱਦੇ ‘ਤੇ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਮਣੀਪੁਰ ਗਿਆ ਪਰ ਸਾਡੇ ਪੀ. ਐੱਮ. ਨਹੀਂ ਗਏ, ਕਿਉਂਕਿ ਉਨ੍ਹਾਂ ਲਈ ਮਣੀਪੁਰ ਭਾਰਤ ਨਹੀਂ ਹੈ। ਮਣੀਪੁਰ ਦੀ ਸੱਚਾਈ ਹੈ ਕਿ ਮਣੀਪੁਰ ਨਹੀਂ ਬਚਿਆ ਹੈ। ਤੁਸੀਂ ਮਣੀਪੁਰ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ, ਤੋੜ ਦਿੱਤਾ ਹੈ। ਮੈਂ ਰਾਹਤ ਕੈਂਪਾਂ ‘ਚ ਗਿਆ ਹਾਂ, ਮੈਂ ਉੱਥੇ ਔਰਤਾਂ ਨਾਲ ਗੱਲਬਾਤ ਕੀਤੀ। ਇਕ ਔਰਤ ਤੋਂ ਪੁੱਛਿਆ ਕਿ ਕੀ ਹੋਇਆ ਤੁਹਾਡੇ ਨਾਲ, ਉਸ ਨੇ ਕਿਹਾ ਕਿ ਮੇਰਾ ਛੋਟਾ ਜਿਹਾ ਇਕ ਹੀ ਪੁੱਤਰ ਸੀ। ਮੇਰੀਆਂ ਅੱਖਾਂ ਸਾਹਮਣੇ ਉਸ ਨੂੰ ਗੋਲੀ ਮਾਰ ਦਿੱਤੀ ਗਈ। ਮੈਂ ਪੂਰੀ ਰਾਤ ਲਾਸ਼ ਨਾਲ ਲੰਮੇ ਪਈ ਰਹੀ। ਫਿਰ ਮੈਨੂੰ ਡਰ ਲੱਗ, ਮੈਂ ਘਰ ਛੱਡ ਦਿੱਤਾ।