ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਮੰਗਲਵਾਰ ਨੂੰ ਸਮ੍ਰਿੱਧੀ ਐਕਸਪ੍ਰੈਸਵੇਅ ਨਿਰਮਾਣ ਦੌਰਾਨ ਪੁਲ ਦੇ ਸਲੈਬ ‘ਤੇ ਕਰੇਨ ਡਿੱਗਣ ਕਾਰਨ ਹੋਈ ਮਜ਼ਦੂਰਾਂ ਦੀ ਮੌਤ ‘ਤੇ ਸੋਗ ਜਤਾਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ‘ਚੋਂ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ।
ਇਹ ਹਾਦਸਾ ਮੰਗਲਵਾਰ ਤੜਕੇ ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਠਾਣੇ ਜ਼ਿਲ੍ਹੇ ਦੇ ਸ਼ਾਹਪੁਰ ਤਹਿਸੀਲ ਦੇ ਸਰਲਾਂਬੇ ਪਿੰਡ ਨੇੜੇ ਵਾਪਰਿਆ। ਇਸ ਘਟਨਾ ‘ਚ 17 ਮਜ਼ਦੂਰਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਵਲੋਂ ਜਾਰੀ ਇਕ ਟਵੀਟ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ‘ਚ ਵਾਪਰਿਆ ਹਾਦਸਾ ਬੇਹੱਦ ਦੁਖਦਾਈ ਹੈ। ਇਸ ਹਾਦਸੇ ‘ਚ ਜਿਨ੍ਹਾਂ ਲੋਕਾਂ ਨੇ ਆਪਣਿਆਂ ਨੂੰ ਗੁਆਇਆ ਹੈ, ਮੇਰੀ ਉਨ੍ਹਾਂ ਪ੍ਰਤੀ ਡੂੰਘੀ ਹਮਦਰਦੀ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।