ਪਾਕਿਸਤਾਨ ਦੇ ਨਵੇਂ ਨਿਯੁਕਤ ਕਾਰਜਕਾਰੀ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਨੇ ਕਿਹਾ ਹੈ ਕਿ ਉਹ ਅਮਰੀਕਾ ਅਤੇ ਚੀਨ ਸਮੇਤ ਸਾਰੀਆਂ ਵੱਡੀਆਂ ਸ਼ਕਤੀਆਂ ਨਾਲ ਨਜ਼ਦੀਕੀ ਸਬੰਧ ਬਣਾਉਣਗੇ, ਭਾਰਤ ਨਾਲ ਸਬੰਧਾਂ ਨੂੰ ਸੁਧਾਰਨਗੇ ਅਤੇ ਖਾੜੀ ਖੇਤਰ ਨਾਲ ਸਹਿਯੋਗ ਵਧਾਉਣਗੇ। ਵੀਰਵਾਰ ਨੂੰ ਕਾਰਜਕਾਰੀ ਵਿਦੇਸ਼ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਤੁਰੰਤ ਬਾਅਦ 68 ਸਾਲਾ ਸੀਨੀਅਰ ਡਿਪਲੋਮੈਟ ਨੇ ਕਿਹਾ ਕਿ ਉਹ ਰਾਸ਼ਟਰੀ ਸਹਿਮਤੀ ਰਾਹੀਂ ਵਿਦੇਸ਼ ਨੀਤੀ ਨੂੰ ਅੱਗੇ ਵਧਾਉਣਾ ਜਾਰੀ ਰੱਖਣਗੇ। ਜਿਲਾਨੀ ਵਿਦੇਸ਼ ਸਕੱਤਰ ਅਤੇ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਸ ਗੱਲ ‘ਤੇ ਰਾਸ਼ਟਰੀ ਸਹਿਮਤੀ ਹੈ ਕਿ ਪਾਕਿਸਤਾਨ ਨੂੰ ਚੀਨ ਨਾਲ ਨਜ਼ਦੀਕੀ ਦੋਸਤੀ ਅਤੇ ਅਮਰੀਕਾ ਨਾਲ ਚੰਗੇ ਸਬੰਧ ਬਣਾਏ ਰੱਖਣੇ ਚਾਹੀਦੇ ਹਨ। ਉਨ੍ਹਾਂ ਨੇ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨੂੰ ਕਿਹਾ ਕਿ ”ਅਸੀਂ ਸਪੱਸ਼ਟ ਹਾਂ ਕਿ ਪਾਕਿਸਤਾਨ ਕਿਸੇ ਵੀ ਧੜੇ ਦੀ ਰਾਜਨੀਤੀ ਦਾ ਹਿੱਸਾ ਨਹੀਂ ਬਣੇਗਾ।” ਅਮਰੀਕਾ-ਚੀਨ ਦੀ ਵਧ ਰਹੀ ਦੁਸ਼ਮਣੀ ਦੇ ਵਿਚਕਾਰ ਪਾਕਿਸਤਾਨ ਸਾਵਧਾਨੀ ਨਾਲ ਚੱਲ ਰਿਹਾ ਹੈ ਅਤੇ ਕਈ ਵਾਰ ਉਸ ਨੂੰ ਸਖਤ ਚੋਣ ਕਰਨੀ ਪਈ ਹੈ।