ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੀ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ

ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੀ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਕੱਟੜਪੰਥੀ ਇਸਲਾਮਿਕ ਪਾਰਟੀ ਦੇ ਇੱਕ ਸਿਆਸੀ ਸੰਮੇਲਨ ਵਿੱਚ ਹੋਏ ਆਤਮਘਾਤੀ ਧਮਾਕੇ ਪਿੱਛੇ ਪਾਬੰਦੀਸ਼ੁਦਾ ਇਸਲਾਮਿਕ ਸਟੇਟ (ਆਈਐਸਆਈਐਸ) ਦਾ ਹੱਥ ਸੀ। ਇਸ ਧਮਾਕੇ ‘ਚ ਘੱਟੋ-ਘੱਟ 44 ਲੋਕ ਮਾਰੇ ਗਏ ਸਨ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ। ਇਹ ਧਮਾਕਾ ਐਤਵਾਰ ਨੂੰ ਉਸ ਸਮੇਂ ਹੋਇਆ ਜਦੋਂ ਕੱਟੜਪੰਥੀ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (JUI-F) ਦੇ 400 ਤੋਂ ਵੱਧ ਮੈਂਬਰ ਖਾਰ ਸ਼ਹਿਰ ਵਿੱਚ ਮੀਟਿੰਗ ਲਈ ਇਕੱਠੇ ਹੋਏ ਸਨ।
ਇਸ ਸ਼ਹਿਰ ਦੀ ਸਰਹੱਦ ਅਫਗਾਨਿਸਤਾਨ ਨਾਲ ਲੱਗਦੀ ਹੈ। ਜੀਓ ਨਿਊਜ਼ ਨੇ ਪੁਲਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ, “ਅਸੀਂ ਅਜੇ ਵੀ ਬਾਜੌਰ ਧਮਾਕੇ ਦੀ ਜਾਂਚ ਕਰ ਰਹੇ ਹਾਂ ਅਤੇ ਇਸ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਦੇ ਪਿੱਛੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਹੱਥ ਹੈ।” ਪੁਲਸ ਮੁਤਾਬਕ ਉਹ ਆਤਮਘਾਤੀ ਹਮਲਾਵਰ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ, ਜਦਕਿ ਬੰਬ ਨਿਰੋਧਕ ਦਸਤਾ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਰਿਹਾ ਹੈ। ਜ਼ਿਲਾ ਪੁਲਸ ਅਧਿਕਾਰੀ ਨਜ਼ੀਰ ਖਾਨ ਨੇ ਦੱਸਿਆ ਕਿ ਤਿੰਨ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।