ਨਿਊਯਾਰਕ ਤੋਂ ਏਥਨਜ਼ ਗਰੀਸ ਜਾਣ ਵਾਲੀ ਡੈਲਟਾ ਏਅਰਲਾਈਨਜ਼ ਦੀ ਫਲਾਈਟ ‘ਚ ਇਕ ਸ਼ਰਾਬੀ ਯਾਤਰੀ ਨੇ 16 ਸਾਲਾ ਕੁੜੀ ਅਤੇ ਉਸ ਦੀ ਮਾਂ ਦੇ ਨਾਲ ਛੇੜਛਾੜ ਕੀਤੀ। ਫਲਾਈਟ ਦੇ ਅਮਲੇ ਨੇ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਇੰਨਾ ਹੀ ਨਹੀਂ, ਉਤਰਨ ਤੋਂ ਬਾਅਦ ਵੀ ਦੋਸ਼ੀ ਨੂੰ ਬਿਨਾਂ ਕਿਸੇ ਅਧਿਕਾਰੀ ਜਾਂ ਪੁਲਸ ਨੂੰ ਦੱਸੇ ਹੀ ਛੱਡ ਦਿੱਤਾ ਗਿਆ। ਹੁਣ ਪੀੜਤ ਪਰਿਵਾਰ ਨੇ ਏਅਰਲਾਈ ਖ਼ਿਲਾਫ਼ ਕਰੀਬ 16.5 ਕਰੋੜ ਦਾ ਮਾਮਲਾ ਦਰਜ ਕਰਵਾਇਆ ਹੈ।
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਲੰਘੀ 26 ਜੁਲਾਈ ਨੂੰ 9 ਘੰਟੇ ਦੀ ਫਲਾਈਟ ‘ਚ ਇਕ ਯਾਤਰੀ ਨੇ ਕਰੀਬ 10 ਵੋਡਕਾ ਅਤੇ ਇਕ ਗਲਾਸ ਵਾਈਨ ਦਾ ਪੀਤਾ। ਮਾਮਲੇ ਦੀ ਚਾਰਜਸ਼ੀਟ ‘ਚ ਕਿਹਾ ਗਿਆ ਕਿ ਫਲਾਈਟ ਅਟੈਂਡੈਂਟ ਦੋਸ਼ੀ ਨੂੰ ਲਗਾਤਾਰ ਸ਼ਰਾਬ ਸਰਵ ਕਰ ਰਹੇ ਸਨ, ਜਦੋਂ ਉਹ ਨਸ਼ੇ ‘ਚ ਸੀ। ਇਸ ਤੋਂ ਬਾਅਦ ਉਸ ਨੇ ਜਹਾਜ ਵਿੱਚ ਸਵਾਰ ਇਕ ਮਾਂ ਅਤੇ ਉਸ ਦੀ ਧੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮ ਕੁੜੀ ਦਾ ਨਾਂ-ਪਤਾ ਪੁੱਛ ਰਿਹਾ ਸੀ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਦੇ ਨਸ਼ੇ ਵਿੱਚ ਸਾਨੂੰ ਲਗਾਤਾਰ ਗਾਲ੍ਹਾਂ ਕੱਢ ਰਿਹਾ ਸੀ। ਵਾਰ-ਵਾਰ ਵਿਰੋਧ ਕਰਨ ਤੋਂ ਬਾਅਦ ਵੀ ਫਲਾਈਟ ਕਰੂ ਨੇ ਦੋਸ਼ੀ ਦੀ ਕਾਰਵਾਈ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ।