ਜਲਵਾਯੂ ਤਬਦੀਲੀ ਦੇ ਪ੍ਰਭਾਵ ਕਾਰਨ ਦੁਨੀਆ ਦੇ ਵੱਖ-ਵੱਖ ਦੇਸ਼ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਹਨ

ਜਲਵਾਯੂ ਤਬਦੀਲੀ ਦੇ ਪ੍ਰਭਾਵ ਕਾਰਨ ਦੁਨੀਆ ਦੇ ਵੱਖ-ਵੱਖ ਦੇਸ਼ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਹਨ। ਇਹਨੀਂ ਦਿਨੀਂ ਅਮਰੀਕਾ, ਕੈਨੇਡਾ ਅਤੇ ਸਪੇਨ ਵਿਚ ਜੰਗਲ ਦੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਅੱਗ ਕਾਰਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ, ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਪੂਰਬੀ ਵਾਸ਼ਿੰਗਟਨ ਵਿੱਚ ਜੰਗਲ ਦੀ ਅੱਗ ਨਾਲ 1 ਦੀ ਮੌਤ, 185 ਇਮਾਰਤਾਂ ਨੂੰ ਨੁਕਸਾਨ
ਅਮਰੀਕਾ ਵਿਖੇ ਪੂਰਬੀ ਵਾਸ਼ਿੰਗਟਨ ਵਿੱਚ ਜੰਗਲ ਦੀ ਅੱਗ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 185 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਅੱਗ ਕਾਰਨ ਮੁੱਖ ਮਾਰਗ ਨੂੰ ਬੰਦ ਕਰਨਾ ਪਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁਦਰਤੀ ਸੰਸਾਧਨ ਵਿਭਾਗ ਦੇ ਬੁਲਾਰੇ ਇਜ਼ਾਬੈਲ ਹੋਇਗਾਰਡ ਨੇ ਕਿਹਾ ਕਿ ਅੱਗ ਸ਼ੁੱਕਰਵਾਰ ਦੁਪਹਿਰ ਨੂੰ ਸਪੋਕੇਨ ਤੋਂ ਲਗਭਗ 24 ਕਿਲੋਮੀਟਰ ਦੂਰ ਮੈਡੀਕਲ ਝੀਲ ਦੇ ਪੱਛਮੀ ਸਿਰੇ ‘ਤੇ ਸ਼ੁਰੂ ਹੋਈ। ਇਸ ਤੋਂ ਬਾਅਦ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਸ਼ਨੀਵਾਰ ਨੂੰ ਇਹ ਕਰੀਬ 38 ਵਰਗ ਕਿਲੋਮੀਟਰ ਤੱਕ ਫੈਲ ਗਈ।