ਚੀਨ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ

ਚੀਨ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਚੀਨ ਦੀ ਰਾਜਧਾਨੀ ਬੀਜਿੰਗ ‘ਚ 8 ਅਗਸਤ ਤੱਕ ਭਾਰੀ ਹੜ੍ਹ ਕਾਰਨ 33 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 18 ਲੋਕ ਅਜੇ ਵੀ ਲਾਪਤਾ ਹਨ। ਹਾਲਾਂਕਿ ਬੀਜਿੰਗ ਦੇ ਦੱਖਣ-ਪੱਛਮ ਵਿਚ ਚੀਨੀ ਸ਼ਹਿਰ ਜ਼ੂਓਜ਼ੂ ਵਿਚ ਹੜ੍ਹ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਹੜ੍ਹ ਦਾ ਪਾਣੀ ਘੱਟ ਰਿਹਾ ਹੈ, ਇਸ ਕਾਰਨ ਪੈਦਾ ਹੋਈਆਂ ਚੁਣੌਤੀਆਂ ਲਗਾਤਾਰ ਵਧ ਰਹੀਆਂ ਹਨ। ਬੀਜਿੰਗ ਡੇਲੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਖ਼ਬਾਰ ਨੇ ਕਿਹਾ ਕਿ ਟਾਈਫੂਨ ਡੌਕਸੁਰੀ ਕਾਰਨ ਹੋਈ ਤਬਾਹੀ ਨੇ ਲਗਭਗ 1.29 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ 59,000 ਘਰ ਢਹਿ ਗਏ ਅਤੇ 147,000 ਘਰ ਗੰਭੀਰ ਰੂਪ ਨਾਲ ਨੁਕਸਾਨੇ ਗਏ। ਪਿਛਲੇ ਹਫਤੇ ਟਾਈਫੂਨ ਡੌਕਸਰੀ ਤੋਂ ਬਾਅਦ ਆਏ ਤੂਫਾਨ ਕਾਰਨ ਹੇਬੇਈ ਪ੍ਰਾਂਤ ਵਿੱਚ ਭਾਰੀ ਬਾਰਸ਼ ਹੋਈ, ਜਿਸ ਕਾਰਨ ਪਤਝੜ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਅਤੇ ਖੇਤੀ ਉਪਕਰਣਾਂ ਨੂੰ ਨੁਕਸਾਨ ਪਹੁੰਚਾਇਆ। ਬੀਜਿੰਗ ਦੇ ਉਪ ਮੇਅਰ ਜ਼ਿਆ ਲਿਨਮਾਓ ਨੇ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ 100 ਤੋਂ ਵੱਧ ਪੁਲਾਂ ਦੇ ਨਾਲ-ਨਾਲ ਕਈ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ।