ਚੀਨ ਦੀ ਰਾਜਧਾਨੀ ਵਿੱਚ ਤੂਫਾਨ ‘ਡੌਕਸਰੀ’ ਕਾਰਨ ਮੀਂਹ ਨੇ ਘੱਟੋ-ਘੱਟ 140 ਸਾਲਾਂ ਦਾ ਰਿਕਾਰਡ ਤੋੜ ਦਿੱਤਾ

ਚੀਨ ਦੀ ਰਾਜਧਾਨੀ ਵਿੱਚ ਤੂਫਾਨ ‘ਡੌਕਸਰੀ’ ਕਾਰਨ ਮੀਂਹ ਨੇ ਘੱਟੋ-ਘੱਟ 140 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਤੇਜ਼ ਮੀਂਹ ਨੇ ਸੜਕਾਂ ਨੂੰ ਨਹਿਰਾਂ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਮੀਂਹ ਨਾਲ ਸਬੰਧਤ ਹਾਦਸਿਆਂ ਵਿੱਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਥਾਨਕ ਸਰਕਾਰਾਂ ਨੂੰ ਲੋਕਾਂ ਨੂੰ ਬਚਾਉਣ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਹੁਕਮ ਦਿੱਤਾ ਹੈ।ਬੀਜਿੰਗ ਮੌਸਮ ਵਿਗਿਆਨ ਬਿਊਰੋ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਹਿਰ ਵਿੱਚ ਸ਼ਨੀਵਾਰ ਤੋਂ ਬੁੱਧਵਾਰ ਸਵੇਰ ਤੱਕ 744.8 ਮਿਲੀਮੀਟਰ (29.3 ਇੰਚ) ਮੀਂਹ ਦਰਜ ਕੀਤਾ ਗਿਆ। ਬੀਜਿੰਗ ਅਤੇ ਇਸ ਦੇ ਗੁਆਂਢੀ ਹੇਬੇਈ ਸੂਬੇ ਵਿਚ ਰਿਕਾਰਡ ਮੀਂਹ ਕਾਰਨ ਹੜ੍ਹ ਆ ਗਿਆ, ਜਿਸ ਨਾਲ ਪਾਣੀ ਖਤਰਨਾਕ ਪੱਧਰ ਤੱਕ ਵਧ ਗਿਆ ਹੈ।

ਮੀਂਹ ਨੇ ਸੜਕਾਂ ਨੂੰ ਤਬਾਹ ਕਰ ਦਿੱਤਾ ਹੈ, ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਅਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। ਰਾਜਧਾਨੀ ਦੇ ਆਲੇ-ਦੁਆਲੇ ਨਦੀਆਂ ਦੇ ਹੜ੍ਹ ਕਾਰਨ ਕਾਰਾਂ ਦੇ ਅੰਦਰ ਪਾਣੀ ਦਾਖਲ ਹੋ ਗਿਆ ਹੈ। ਬੁੱਧਵਾਰ ਨੂੰ ਇੱਕ ਬਚਾਅ ਕਰਮਚਾਰੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਬੀਜਿੰਗ ਦੇ ਆਸ-ਪਾਸ ਭਾਰੀ ਮੀਂਹ ਵਿੱਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ। ਇਸ ਤੋਂ ਇਲਾਵਾ ਘੱਟੋ-ਘੱਟ 26 ਲੋਕ ਲਾਪਤਾ ਹਨ।