ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ‘ਚ ਸੁਰੱਖਿਆ ਫ਼ੋਰਸਾਂ ਨੇ ਸ਼ੁੱਕਰਵਾਰ ਨੂੰ ਪਿਛਲੇ ਸਾਲ ਕੁਲਗਾਮ ਜ਼ਿਲ੍ਹੇ ‘ਚ ਗ੍ਰਨੇਡ ਘਟਨਾ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੇ ਚਾਰ ਸਹਿਯੋਗੀਆਂ ਅਤੇ ਸਾਜਿਸ਼ਕਰਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਮੁੱਖ ਚੌਕ ਯਾਰੀਪੋਰਾ ‘ਚ 5 ਮਈ 2022 ਨੂੰ ਇਕ ਪੁਲਸ ਪਾਰਟੀ ‘ਤੇ ਗ੍ਰਨੇਡ ਡਿੱਗਿਆ ਅਤੇ ਫਟ ਗਿਆ ਸੀ। ਇਸ ਘਟਨਾ ‘ਚ 13 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ, ਹੁਣ ਪੁਲਸ ਨੇ ਫ਼ੌਜ ਦੀ 1 ਰਾਸ਼ਟਰੀ ਰਾਈਫਲਜ਼ ਨਾਲ ਗ੍ਰਿਫ਼ਤਾਰ ਇਸ ਮਾਮਲੇ ‘ਚ ਚਾਰ ਅੱਤਵਾਦੀ ਸਹਿਯਗੀਆਂ ਅਤੇ ਸਾਜਿਸ਼ਕਰਤਾਵਾਂ ਨੂੰ ਗ੍ਰਿਫ਼ਤਾਰ ਕੀਤਾ।
ਚਾਰਾਂ ਦੇ ਨਾਮ ਕੁਲਗਾਮ ਜ਼ਿਲ੍ਹਾ ਵਾਸੀ ਨਾਸਿਰ ਨਬੀ ਡਾਰ, ਆਕਿਬ ਮਾਜਿਦ ਗਨੀ, ਮੁਹੰਮਦ ਅੱਬਾਸ ਡਾਰ ਅਤੇ ਜ਼ਾਹਿਦ ਅਲੀ ਭੱਟ ਹਨ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਇਕ ਪਿਸਤੌਲ, 2 ਪਿਸਤੌਲ ਮੈਗਜ਼ੀਨ, ਇਕ ਹੱਥਗੋਲਾ ਅਤੇ 14 ਰਾਊਂਡ ਸਮੇਤ ਕੁਝ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ। ਯਾਰੀਪੋਰਾ ਥਾਣੇ ‘ਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।