ਕਾਨਪੁਰ ਦੇ ਹੈਲਟ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜਨ ਵਾਲੇ ਇਕ ਵਿਅਕਤੀ ਦੀ ਲਾਸ਼ ਲੈ ਕੇ ਉਸ ਦੇ ਘਰ ਜਾ ਰਹੀ ਐਂਬੂਲੈਂਸ ‘ਚ ਓਨਾਵ ਜ਼ਿਲ੍ਹੇ ਦੇ ਪੁਰਵਾ ਕੋਤਵਾਲੀ ਖੇਤਰ ‘ਚ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਨਾਲ ਮ੍ਰਿਤਕ ਦੀ ਪਤਨੀ ਅਤੇ ਤਿੰਨ ਧੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਧੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਓਨਾਵ ਜ਼ਿਲ੍ਹੇ ਦੇ ਪੁਰਵਾ ਕੋਤਵਾਲੀ ਖੇਤਰ ‘ਚ ਵਿੱਲੇਸ਼ਵਰ ਮੰਦਰ ਕੋਲ ਸ਼ੁੱਕਰਵਾਰ ਤੜਕੇ ਲਗਭਗ 4.30 ਵਜੇ ਮ੍ਰਿਤਕ ਦੀ ਲਾਸ਼ ਲੈ ਕੇ ਉਸ ਦੇ ਘਰ ਛੱਡਣ ਜਾ ਰਹੀ ਐਂਬੂਲੈਂਸ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਪੁਰਵਾ ਦੇ ਪੁਲਸ ਖੇਤਰ ਅਧਿਕਾਰੀ (ਸੀ.ਓ.) ਦੀਪਕ ਸਿੰਘ ਨੇ ਦੱਸਿਆ ਕਿ ਮੌਰਾਵਾਂ ਥਾਣਾ ਖੇਤਰ ਦੇ ਮੌਰਾਵਾਂ ਕਸਬਾ ਵਾਸੀ ਧਨੀਰਾਮ ਸਵਿਤਾ (73) ਦੀ ਹੈਲਟ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਧਨੀਰਾਮ ਦੇ ਪਰਿਵਾਰ ਵਾਲੇ ਵੀਰਵਾਰ ਦੇਰ ਰਾਤ ਉਸ ਦੀ ਲਾਸ਼ ਲੈ ਕੇ ਐਂਬੂਲੈਂਸ ਰਾਹੀਂ ਮੌਰਾਵਾਂ ਪਰਤ ਰਹੇ ਸਨ।
ਸਿੰਘ ਅਨੁਸਾਰ, ਸ਼ੁੱਕਰਵਾਰ ਤੜਕੇ ਪੁਰਵਾ ਕੋਤਵਾਲੀ ਖੇਤਰ ‘ਚ ਵਿੱਲੇਸ਼ਵਰ ਮੰਦਰ ਕੋਲ ਅਣਪਛਾਤੇ ਵਾਹਨ ਨੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ‘ਚ ਸਵਾਰ ਧਨੀਰਾਮ ਦੀ ਪਤਨੀ ਪ੍ਰੇਮਾ ਸਵਿਤਾ (70) ਅਤੇ ਧੀਆਂ- ਮੰਜੁਲਾ ਸਵਿਤਾ (45), ਅੰਜਲੀ ਸਵਿਤਾ (40) ਅਤੇ ਰੂਬੀ ਸਵਿਤਾ (30) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਧਨੀਰਾਮ ਦੀ ਇਕ ਹੋਰ ਧੀ ਸੁਧਾ ਸਵਿਤਾ (36) ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਉਸ ਨੂੰ ਬਿਹਤਰ ਇਲਾਜ ਲਈ ਕਾਨਪੁਰ ਹੈਲਟ ਭੇਜਿਆ ਗਿਆ ਹੈ। ਸਿੰਘ ਅਨੁਸਾਰ, ਤਿੰਨੋਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਅਤੇ ਪਰਿਵਾਰ ਦੀ ਸ਼ਿਕਾਇਤ ‘ਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਐਂਬੂਲੈਂਸ ਦਾ ਡਰਾਈਵਰ ਲਾਪਤਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸਿੰਘ ਅਨੁਸਾਰ, ਹਾਦਸੇ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ‘ਤੇ ਪੁਲਸ ਸੁਪਰਡੈਂਟ, ਐਡੀਸ਼ਨਲ ਪੁਲਸ ਸੁਪਰਡੈਂਟ ਅਤੇ ਐੱਸ.ਡੀ.ਐੱਮ. ਪਰਿਵਾਰ ਵਾਲਿਆਂ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਉਪਲੱਬਧ ਕਰਵਾਉਣ ਦਾ ਭਰੋਸਾ ਦਿੱਤਾ।