ਉੱਤਰੀ ਚੀਨ ਵਿੱਚ ਰਿਕਾਰਡ ਤੋੜ ਮੀਂਹ ਪੈਣ ਕਾਰਨ ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 78 ਹੋ ਗਈ

ਉੱਤਰੀ ਚੀਨ ਵਿੱਚ ਰਿਕਾਰਡ ਤੋੜ ਮੀਂਹ ਪੈਣ ਕਾਰਨ ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 78 ਹੋ ਗਈ। ਉੱਧਰ ਅਧਿਕਾਰੀਆਂ ਨੇ ਦੇਸ਼ ਵਿੱਚ ਹੋਰ ਹੜ੍ਹ ਅਤੇ ਇੱਕ ਹੋਰ ਤੂਫ਼ਾਨ ਆਉਣ ਦੀ ਚੇਤਾਵਨੀ ਦਿੱਤੀ। ਦਿ ਗਲੋਬਲ ਟਾਈਮਜ਼ ਨੇ ਦੱਸਿਆ ਕਿ ਚੀਨ ਦੇ ਹੇਬੇਈ ਪ੍ਰਾਂਤ ਵਿੱਚ ਹੜ੍ਹ ਕਾਰਨ ਘੱਟੋ-ਘੱਟ 29 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਲਾਪਤਾ ਹਨ। ਇਸ ਦੇ ਨਾਲ ਹੀ ਖੇਤਰ ਨੂੰ ਭਾਰੀ ਨੁਕਸਾਨ ਹੋਇਆ ਹੈ। ਹੇਬੇਈ ਸੂਬੇ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਵਿਚ ਘੋਸ਼ਣਾ ਕੀਤੀ ਕਿ ਕੁਦਰਤੀ ਆਫ਼ਤ ਨਾਲ ਲੱਗਭਗ 95.911 ਬਿਲੀਅਨ ਯੁਆਨ ਦਾ ਨੁਕਸਾਨ ਹੋਇਆ ਹੈ।

ਸੂਬੇ ਦੇ ਅਧਿਕਾਰੀਆਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ, ਹੜ੍ਹ ਪੀੜਤਾਂ ਅਤੇ ਉਨ੍ਹਾਂ ਦੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸ਼ੁੱਕਰਵਾਰ ਨੂੰ ਪ੍ਰੈਸ ਬ੍ਰੀਫਿੰਗ ਵਿੱਚ ਸਾਰੇ ਕਰਮਚਾਰੀਆਂ ਨੇ ਪੀੜਤਾਂ ਲਈ ਸੋਗ ਪ੍ਰਗਟ ਕੀਤਾ। ਹੇਬੇਈ ਪ੍ਰਾਂਤ ਦੇ ਕਾਰਜਕਾਰੀ ਉਪ ਰਾਜਪਾਲ ਝਾਂਗ ਚੇਂਗਜ਼ੋਂਗ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਹੇਬੇਈ ਪ੍ਰਾਂਤ ਵਿੱਚ ਹੜ੍ਹ ਦੀ ਸਥਿਤੀ ਬਦਤਰ ਹੋ ਗਈ ਹੈ।