ਆਸਟ੍ਰੇਲੀਆ ਤੋਂ ਦਿਲ ਦਹਿਲਾ ਦੇਣ ਵਾਲੀ ਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਮੈਲਬੌਰਨ ਵਿੱਚ ਆਪਣਾ 16ਵਾਂ ਜਨਮ ਦਿਨ ਮਨਾ ਰਹੇ ਭਾਰਤੀ ਮੂਲ ਦੇ ਇੱਕ ਮੁੰਡੇ ਨੂੰ ਬਿਨਾਂ ਕਿਸੇ ਕਾਰਨ ਚਾਕੂ ਮਾਰ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਸ ਨੇ ਇੱਕ 20 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਟੀਵੀ ਚੈਨਲ 7 ਨਿਊਜ਼ ਨੇ ਦੱਸਿਆ ਕਿ ਰਿਆਨ ਸਿੰਘ ਅਤੇ ਉਸਦੇ ਦੋ ਦੋਸਤ ਮੈਲਬੌਰਨ ਦੇ ਇੱਕ ਉਪਨਗਰ ਤਰਨੇਟ ਵਿੱਚ ਦੋਸਤਾਂ ਨਾਲ ਬਾਸਕਟਬਾਲ ਖੇਡ ਰਹੇ ਸਨ, ਜਦੋਂ ਵੀਰਵਾਰ ਸ਼ਾਮ ਨੂੰ ਚਾਕੂਆਂ ਨਾਲ ਲੈਸ ਇੱਕ ਗਿਰੋਹ ਨੇ ਉਨ੍ਹਾਂ ‘ਤੇ ਅਚਾਨਕ ਹਮਲਾ ਕਰ ਦਿੱਤਾ। ਲਗਭਗ ਸੱਤ ਤੋਂ ਅੱਠ ਪੁਰਸ਼ਾਂ ਦੇ ਇੱਕ ਸਮੂਹ ਨੇ ਸਿੰਘ ਤੋਂ ਉਸ ਦਾ ਮੋਬਾਈਲ ਅਤੇ ਬਾਕੀ ਦੋਸਤਾਂ ਦੇ ਮੋਬਾਈਲ ਫੋਨ ਮੰਗੇ। ਇਸ ਤੋਂ ਇਲਾਵਾ ਨਵੇਂ ਨਾਈਕੀ ਏਅਰ ਜੌਰਡਨ ਸਨੀਕਰ ਮੰਗੇ, ਜੋ ਕਿ ਉਸਨੂੰ ਤੋਹਫੇ ਵਜੋਂ ਮਿਲੇ ਸਨ। ਫਿਰ ਉਹਨਾਂ ਨੇ ਸਿੰਘ ਦੀਆਂ ਪਸਲੀਆਂ, ਬਾਹਾਂ, ਹੱਥ ਅਤੇ ਪਿੱਠ ਵਿੱਚ ਚਾਕੂ ਮਾਰਿਆ ਅਤੇ ਉਸਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਵੀ ਵਾਰ ਕੀਤਾ ਗਿਆ। ਵਿਕਟੋਰੀਆ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ “ਇੱਕ ਝਗੜਾ ਹੋਇਆ ਅਤੇ ਅਪਰਾਧੀਆਂ ਦੇ ਮੌਕੇ ਤੋਂ ਚਲੇ ਜਾਣ ਤੋਂ ਪਹਿਲਾਂ ਨੌਜਵਾਨਾਂ ਨੂੰ ਕਈ ਵਾਰ ਚਾਕੂ ਮਾਰਿਆ ਗਿਆ।”