ਅਫਗਾਨਿਸਤਾਨ ਦੀਆਂ ਯੂਨੀਵਰਸਿਟੀਆਂ ਤਾਲਿਬਾਨ ਦੇ ਸੁਪਰੀਮ ਲੀਡਰ ਹਿਬਤੁੱਲਾ ਅਖੁੰਦਜ਼ਾਦਾ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਲੜਕੀਆਂ ਨੂੰ ਮੁੜ ਦਾਖਲਾ ਦੇਣ ਲਈ ਤਿਆਰ ਹਨ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਤਾਲਿਬਾਨ ਨੇ ਪਿਛਲੇ ਸਾਲ ਦਸੰਬਰ ‘ਚ ਔਰਤਾਂ ਦੇ ਯੂਨੀਵਰਸਿਟੀ ‘ਚ ਜਾਣ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਦੀ ਦੁਨੀਆ ਭਰ ‘ਚ ਆਲੋਚਨਾ ਹੋਈ ਸੀ। ਇਸ ਤੋਂ ਪਹਿਲਾਂ ਅਗਸਤ 2021 ‘ਚ ਤਾਲਿਬਾਨ ਨੇ ਸੱਤਾ ‘ਚ ਆਉਂਦੇ ਹੀ ਕੁੜੀਆਂ ਨੂੰ ਛੇਵੀਂ ਜਮਾਤ ਤੋਂ ਅੱਗੇ ਪੜ੍ਹਨ ‘ਤੇ ਪਾਬੰਦੀ ਲਗਾ ਦਿੱਤੀ ਸੀ।
ਅਫਗਾਨਿਸਤਾਨ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਔਰਤਾਂ ਦੀ ਸਿੱਖਿਆ ‘ਤੇ ਪਾਬੰਦੀ ਹੈ। ਅਫਗਾਨਿਸਤਾਨ ਦੇ ਉੱਚ ਸਿੱਖਿਆ ਮੰਤਰਾਲੇ ਦੇ ਸਲਾਹਕਾਰ ਮੌਲਵੀ ਅਬਦੁਲ ਜੱਬਾਰ ਨੇ ਕਿਹਾ ਕਿ ਜੇਕਰ ਅਖੁੰਦਜ਼ਾਦਾ ਪਾਬੰਦੀ ਹਟਾਉਣ ਦਾ ਹੁਕਮ ਦਿੰਦਾ ਹੈ ਤਾਂ ਯੂਨੀਵਰਸਿਟੀਆਂ ਕੁੜੀਆਂ ਨੂੰ ਦੁਬਾਰਾ ਦਾਖਲਾ ਦੇਣ ਲਈ ਤਿਆਰ ਹਨ। ਜੱਬਰ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਅਜਿਹਾ ਕਦੋਂ ਹੋਵੇਗਾ ਅਤੇ ਕੀ ਯੂਨੀਵਰਸਿਟੀ ‘ਚ ਔਰਤਾਂ ਦੇ ਦਾਖਲੇ ‘ਤੇ ਪਾਬੰਦੀ ਹਟਾਈ ਜਾਵੇਗੀ ਜਾਂ ਨਹੀਂ।